ਮੁੰਬਈ ਮੈਰਾਥਨ ਦੌਰਾਨ 14 ਦੌੜਾਕ ਹਸਪਤਾਲ ''ਚ ਦਾਖਲ, ਹਜ਼ਾਰਾਂ ਨੂੰ ਮੈਡੀਕਲ ਸਹਾਇਤਾ
Monday, Jan 21, 2019 - 01:20 PM (IST)

ਮੁੰਬਈ— ਮੁੰਬਈ ਮੈਰਾਥਨ ਦੌਰਾਨ ਲਗਭਗ 14 ਦੌੜਾਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਤਿੰਨ ਹਜ਼ਾਰ ਤੋਂ ਜ਼ਿਆਦਾ ਦੌੜਾਕਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ। ਜ਼ਿਆਦਾਤਰ ਨੂੰ ਡੀਹਾਈਡਰੇਸ਼ਨ, ਮਾਸਪੇਸ਼ੀਆਂ 'ਚ ਅਕੜਾਅ ਅਤੇ ਥਕਾਵਟ ਦੀ ਸ਼ਿਕਾਇਤ ਸੀ। ਖਬਰਾਂ ਮੁਤਾਬਕ ਏਸ਼ੀਅਨ ਹੈਲਥ ਇੰਸਟੀਚਿਊਟ ਦੇ ਡਾਕਟਰਸ ਨੇ ਇਸ ਦੀ ਜਾਣਕਾਰੀ ਦਿੱਤੀ। ਰੇਸ ਦੇ ਦੌਰਾਨ ਡਿੱਗਣ ਨਾਲ ਘੱਟੋ-ਘੱਟ ਤਿੰਨ ਦੌੜਾਕਾਂ ਨੂੰ ਮੋਢੇ ਦੀ ਸੱਟ ਅਤੇ ਸਿਰ 'ਚ ਸੱਟਾਂ ਲੱਗੀਆਂ ਹਨ। ਇਨ੍ਹਾਂ 'ਚੋਂ ਜਿਸ ਦੌੜਾਕ ਦੇ ਸਿਰ 'ਤੇ ਸੱਟ ਲੱਗੀ ਹੈ, ਉਸ ਨੂੰ ਟਾਂਕੇ ਲਾਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਡਾਕਟਰ ਵਿਜੇ ਸਿਲਵਾ ਦਾ ਕਹਿਣਾ ਹੈ ਕਿ ਇਸ ਸਾਲ ਅਕੜਾਅ ਅਤੇ ਡੀਹਾਈਡਰੇਸ਼ਨ ਦੀ ਸ਼ਿਕਾਇਤ ਜ਼ਿਆਦਾ ਗਰਮੀ ਅਤੇ ਹੁੰਮਸ ਭਰੇ ਮੌਸਮ ਦੇ ਕਾਰਨ ਆਈ ਹੈ।
ਇਸ ਤੋਂ ਇਲਾਵਾ ਪਿਛਲੇ ਸਾਲ ਦੇ ਮੁਕਾਬਲੇ 'ਚ ਹਸਪਤਾਲ 'ਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਜ਼ਿਆਦਾ ਰਹੀ। ਉਨ੍ਹਾਂ ਕਿਹਾ ਕਿ ਸਾਰੇ ਦੌੜਾਕਾਂ ਨੂੰ ਮੈਡੀਕਲ ਕੈਂਪ 'ਚ ਜਾਂਚ ਕਰਕੇ ਇਲਾਜ ਕੀਤਾ ਗਿਆ ਸੀ। 41 ਨੂੰ ਡੀਹਾਈਡਰੇਸ਼ਨ ਦੀ ਸਮੱਸਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਕੈਂਪ 'ਚ ਡੀਹਾਈਡਰੇਸ਼ਨ ਥੈਰੇਪੀ ਦੇ ਕੇ ਵਾਪਸ ਭੇਜ ਦਿੱਤਾ ਗਿਆ। ਜੋ 14 ਦੌੜਾਕ ਹਸਪਤਾਲ 'ਚ ਦਾਖਲ ਹਨ, ਉਨ੍ਹਾਂ 'ਚੋਂ 8 ਹਾਫ ਮੈਰਾਥਨ ਦੇ ਹਨ ਅਤੇ 5 ਫ਼ੁਲ ਮੈਰਾਥਨ ਦੇ ਹਨ, ਜਦਕਿ ਇਕ ਸੀਨੀਅਰ ਸਿਟੀਜ਼ਨ ਹੈ। ਡਾਕਟਰ ਸਿਵਲਾ ਦਾ ਕਹਿਣਾ ਹੈ ਕਿ ਪਹਿਲਾਂ ਕੈਂਪ 'ਚ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਅੱਗੇ ਦੇ ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਸੀ, ਹਾਲਾਂਕਿ ਇਨ੍ਹਾਂ 14 'ਚੋਂ 12 ਹੁਣ ਸਹੀ ਹਨ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ, ਜਦਕਿ 2 ਦਾ ਅਜੇ ਤੱਕ ਇਲਾਜ ਚਲ ਰਿਹਾ ਹੈ।