IPL 2020 RCB vs MI : ਸੁਪਰ ਓਵਰ 'ਚ ਬੈਂਗਲੁਰੂ ਨੇ ਮੁੰਬਈ ਨੂੰ ਹਰਾਇਆ
Monday, Sep 28, 2020 - 11:59 PM (IST)

ਦੁਬਈ– ਏ. ਬੀ. ਡਿਵਲੀਅਰਸ ਦੇ ਕਮਾਲ ਤੇ ਨਵਦੀਪ ਸੈਣੀ ਦੀ ਸੁਪਰ ਓਵਰ ਵਿਚ ਕੀਤੀ ਗਈ ਸ਼ਾਨਦਾਰ ਗੇਂਦਬਾਜ਼ੀ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਸੋਮਵਾਰ ਨੂੰ ਇੱਥੇ ਰੋਮਾਂਚ ਨਾਲ ਭਰੇ ਵੱਡੇ ਸਕੋਰ ਵਾਲੇ ਮੈਚ ਵਿਚ ਮੁੰਬਈ ਇੰਡੀਅਨਜ਼ 'ਤੇ ਜਿੱਤ ਦਰਜ ਕਰਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਦੋ ਮਹੱਤਵਪੂਰਨ ਅੰਕ ਹਾਸਲ ਕਰ ਲਏ।
ਆਰ. ਸੀ. ਬੀ. ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ 3 ਵਿਕਟਾਂ 'ਤੇ 201 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ। ਮੁੰਬਈ ਦੀ ਟੀਮ ਨੇ ਇਸਦੇ ਜਵਾਬ ਵਿਚ 5 ਵਿਕਟਾਂ 'ਤੇ 201 ਦੌੜਾਂ ਬਣਾ ਕੇ ਮੈਚ ਨੂੰ ਸੁਪਰ ਓਵਰ ਤਕ ਪਹੁੰਚਾਇਆ। ਮੁੰਬਈ ਨੇ 99 ਦੌੜਾਂ ਦੀ ਬਿਹਤਰੀਨ ਪਾਰੀ ਖੇਡਣ ਵਾਲੇ ਇਸ਼ਾਨ ਕਿਸ਼ਨ ਦੀ ਬਜਾਏ ਕੀਰੋਨ ਪੋਲਾਰਡ ਤੇ ਹਾਰਦਿਕ ਪੰਡਯਾ ਨੂੰ ਸੁਪਰ ਓਵਰ ਵਿਚ ਬੱਲੇਬਾਜ਼ੀ ਲਈ ਉਤਾਰਿਆ ਪਰ ਨਵਦੀਪ ਸੈਣੀ ਨੇ ਇਸ ਓਵਰ ਵਿਚ ਸਿਰਫ 7 ਦੌੜਾਂ ਦਿੱਤੀਆਂ।
ਮੁੰਬਈ ਵਲੋਂ ਜਸਪ੍ਰੀਤ ਬੁਮਰਾਹ ਨੇ ਪਹਿਲੀਆਂ 3 ਗੇਂਦਾਂ ਵਿਚ ਸਿਰਫ 2 ਦੌੜਾਂ ਦਿੱਤੀਆਂ ਪਰ ਡਿਵਿਲੀਅਰਸ ਨੇ ਚੌਥੀ ਗੇਂਦ 'ਤੇ ਚੌਕਾ ਲਾ ਦਿੱਤਾ। ਬੁਮਰਾਹ ਨੇ ਯਾਰਕਰ ਕੀਤਾ ਤਾਂ ਡਿਵਿਲੀਅਰਸ 1 ਦੌੜ ਹੀ ਲੈ ਸਕਿਆ। ਅਜਿਹੇ ਵਿਚ ਵਿਰਾਟ ਕੋਹਲੀ ਨੇ ਹੇਠਾਂ ਰਹਿੰਦੀ ਫੁਲਟਾਸ 'ਤੇ ਜੇਤੂ ਲਾ ਦਿੱਤਾ। ਇਸ ਤੋਂ ਪਹਿਲਾਂ ਆਰ. ਸੀ. ਬੀ. ਨੂੰ ਆਰੋਨ ਫਿੰਚ (52) ਤੇ ਦੇਵਦਤ ਪਡੀਕਲ (54) ਨੇ ਪਹਿਲੀ ਵਿਕਟ ਲਈ 81 ਦੌੜਾਂ ਜੋੜ ਕੇ ਆਰ. ਸੀ. ਬੀ. ਨੂੰ ਹਾਂ-ਪੱਖੀ ਸ਼ੁਰੂਆਤ ਦਿੱਤੀ। ਇਸ ਤੋਂ ਬਾਅਦ ਡਿਵਿਲੀਅਰਸ ਨੇ 24 ਗੇਂਦਾਂ 'ਤੇ 4 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 55 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਸ਼ਿਵਮ ਦੂਬੇ ਨੇ ਵੀ ਦੋ ਛੱਕਿਆਂ ਦੀ ਮਦਦ ਨਾਲ 10 ਗੇਂਦਾਂ 'ਤੇ ਅਜੇਤੂ 27 ਦੌੜਾਂ ਦਾ ਚੰਗਾ ਯੋਗਦਾਨ ਦਿੱਤਾ।
ਮੁੰਬਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸਦੀਆਂ 3 ਵਿਕਟਾਂ 39 ਦੌੜਾਂ 'ਤੇ ਡਿੱਗ ਗਈਆਂ ਸਨ, ਅਜਿਹੇ ਵਿਚ ਨੌਜਵਾਨ ਬੱਲੇਬਾਜ਼ ਕਿਸ਼ਨ ਨੇ 59 ਗੇਂਦਾਂ 'ਤੇ 2 ਚੌਕਿਆਂ ਤੇ 9 ਛੱਕਿਆਂ ਦੀ ਮਦਦ ਨਾਲ 99 ਤੇ ਪੋਲਾਰਡ ਨੇ 24 ਗੇਂਦਾਂ 'ਤੇ 3 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 60 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ 5ਵੀਂ ਵਿਕਟ ਲਈ 119 ਦੌੜਾਂ ਦੀ ਸਾਂਝੇਦਾਰੀ ਕੀਤੀ। ਆਰ. ਸੀ. ਬੀ. ਵਲੋਂ ਵਾਸ਼ਿੰਗਟਨ ਸੁੰਦਰ ਨੇ ਕਸੀ ਹੋਈ ਗੇਂਦਬਾਜ਼ੀ ਦਾ ਬਿਹਤਰੀਨ ਨਮੂਨਾ ਪੇਸ਼ ਕੀਤਾ ਤੇ 4 ਓਵਰਾਂ ਵਿਚ 14 ਦੌੜਾਂ ਦੇ ਕੇ ਇਕ ਵਿਕਟ ਲਈ ਪਰ ਉਸਦੇ ਬਾਕੀ ਗੇਂਦਬਾਜ਼ ਪ੍ਰਭਾਵ ਨਹੀਂ ਪਾ ਸਕੇ। ਸਬਸਟੀਚਿਊਟ ਪਵਨ ਨੇ ਨੇਗੀ ਨੇ 3 ਕੈਚ ਫੜੇ ਪਰ ਉਸ ਨੇ ਪੋਲਾਰਡ ਨੂੰ ਜੀਵਨਦਾਨ ਵੀ ਦਿੱਤਾ।
ਆਰ. ਸੀ. ਬੀ. ਵਲੋਂ ਫਿੰਚ ਨੇ ਸ਼ੁਰੂ ਤੋਂ ਦੌੜਾਂ ਬਣਾਉਣ ਦੀ ਜ਼ਿੰਮੇਵਾਰ ਚੁੱਕੀ। ਟੀਮ ਨੇ ਪਹਿਲੇ 6 ਓਵਰਾਂ ਵਿਚ 59 ਦੌੜਾਂ ਬਣਾਈਆਂ, ਜਿਨ੍ਹਾਂ ਵਿਚੋਂ 40 ਦੌੜਾਂ ਆਸਟਰੇਲੀਆਈ ਕ੍ਰਿਕਟਰ ਦੇ ਬੱਲੇ ਤੋਂ ਨਿਕਲੀਆਂ ਸਨ। ਇਸ ਵਿਚਾਲੇ ਰੋਹਿਤ ਨੇ ਫਿੰਚ ਦਾ ਮੁਸ਼ਕਿਲ ਕੈਚ ਵੀ ਛੱਡਿਆ, ਜਿਸ ਦਾ ਜਸ਼ਨ ਇਸ ਬੱਲੇਬਾਜ਼ ਨੇ ਬੋਲਟ ਦੀ ਅਗਲੀ ਗੇਂਦ 'ਤੇ ਸ਼ਾਨਦਾਰ ਛੱਕਾ ਲਾ ਕੇ ਮਨਾਇਆ ਤੇ ਫਿਰ ਲੈੱਗ ਸਪਿਨਰ ਰਾਹੁਲ ਚਾਹਰ ਦੇ ਪਹਿਲੇ ਓਵਰ ਵਿਚ ਲਗਾਤਾਰ 3 ਚੌਕੇ ਲਾਏ। ਉਹ ਚਾਹਰ ਦੇ ਅਗਲੇ ਓਵਰ ਵਿਚ ਚੌਕਾ ਲਾ ਕੇ 32 ਗੇਂਦਾਂ 'ਤੇ ਅਰਧ ਸੈਂਕੜੇ ਤਕ ਪਹੁੰਚਿਆ ਪਰ ਬੋਲਟ ਦੀ ਹੌਲੀ ਗੇਂਦ 'ਤੇ ਉਹ ਸਹੀ ਟਾਈਮਿੰਗ ਨਾਲ ਸ਼ਾਟ ਨਹੀਂ ਲਾ ਸਕਿਆ ਤੇ ਆਸਾਨ ਕੈਚ ਦੇ ਬੈਠਾ। ਕਪਤਾਨ ਵਿਰਾਟ ਕੋਹਲੀ ਲਗਾਤਾਰ ਤੀਜੇ ਮੈਚ ਵਿਚ ਅਸਫਲ ਰਿਹਾ। ਉਸ ਨੇ 11 ਗੇਂਦਾਂ ਤਕ ਸੰਘਰਸ਼ ਕੀਤਾ ਤੇ ਸਿਰਫ 3 ਦੌੜਾਂ ਹੀ ਬਣਾ ਸਕਿਆ। ਕੋਹਲੀ ਜਦੋਂ ਕ੍ਰੀਜ਼ 'ਤੇ ਸੀ ਤਦ ਰਨ ਰੇਟ ਵੀ ਹੌਲੀ ਹੋ ਗਈ ਪਰ ਪਡੀਕਲ ਨੇ ਅਜਿਹੇ ਵਿਚ ਪੈਟਿੰਸਨ 'ਤੇ ਲਗਾਤਾਰ ਦੋ ਛੱਕੇ ਲਾਏ ਤੇ ਫਿਰ ਕੀਰੋਨ ਪੋਲਾਰਡ 'ਤੇ ਚੌਕਾ ਲਾ ਕੇ ਟੂਰਨਾਮੈਂਟ ਦਾ ਆਪਣਾ ਦੂਜਾ ਅਰਧ ਸੈਂਕੜਾ ਪੂਰਾ ਕੀਤਾ। ਬੋਲਟ ਦੀ ਹੌਲੀ ਗੇਂਦ 'ਤੇ ਪੋਲਾਰਡ ਨੇ ਬਾਊਂਡਰੀ 'ਤੇ ਪਡੀਕਲ ਦਾ ਸ਼ਾਨਦਾਰ ਕੈਚ ਫੜਿਆ ਪਰ ਇਸ ਵਿਚਾਲੇ ਡਿਵਿਲੀਅਰਸ ਆਪਣੇ ਰੰਗ ਵਿਚ ਆ ਚੁੱਕਾ ਸੀ। ਡਿਵਿਲੀਅਰਸ ਨੇ ਬੁਮਰਾਹ ਦੇ ਇਕ ਓਵਰ ਵਿਚ ਦੋ ਛੱਕੇ ਤੇ ਦੋ ਚੌਕਿਆਂ ਦੀ ਮਦਦ ਨਾਲ 18 ਦੌੜਾਂ ਬਣਾਈਆਂ। ਉਸ ਨੇ ਬੋਲਟ ਦੀ ਗੇਂਦ 'ਤੇ ਅਸਮਾਨ ਛੂੰਹਦਾ ਛੱਕਾ ਵੀ ਮਾਰਿਆ ਤੇ ਫਿਰ ਬੁਮਰਾਹ ਦੇ ਅਗਲੇ ਓਵਰ ਵਿਚ 90 ਮੀਟਰ ਦੂਰ ਗਏ ਛੱਕੇ ਨਾਲ ਅਰਧ ਸੈਂਕੜਾ ਪੂਰਾ ਕੀਤਾ। ਦੂਬੇ ਨੇ ਪੈਟਿੰਸਨ ਦੇ ਆਖਰੀ ਓਵਰ ਵਿਚ 3 ਛੱਕੇ ਲਾ ਕੇ ਸਕੋਰ 200 ਦੌੜਾਂ ਦੇ ਪਾਰ ਪਹੁੰਚਾਇਆ। ਡਿਵਿਲੀਅਰਸ ਨੇ ਪਡੀਕਲ ਨਾਲ 62 ਦੌੜਾਂ ਜੋੜੀਆਂ ਤੇ ਫਿਰ ਦੂਬੇ ਨਾਲ 47 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।
ਟੀਮਾਂ ਇਸ ਤਰ੍ਹਾਂ ਹੈ-
ਰਾਇਲ ਚੈਲੰਜਰਜ਼ ਬੈਂਗਲੁਰੂ- ਆਰੋਨ ਫਿੰਚ, ਦੇਵਦਤ ਪਡੀਕਲ, ਪਾਰਥਿਵ ਪਟੇਲ, ਵਿਰਾਟ ਕੋਹਲੀ (ਕਪਤਾਨ), ਏ. ਬੀ. ਡਿਵਲੀਅਰਸ, ਗੁਰਕੀਰਤ ਸਿੰਘ ਮਾਨ, ਸ਼ਿਵਮ ਦੂਬੇ, ਕ੍ਰਿਸ ਮੌਰਿਸ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ ਅਹਿਮਦ, ਨਵਦੀਪ ਸੈਣੀ, ਡੇਲ ਸਟੇਨ, ਯੁਜਵੇਂਦਰ ਚਾਹਲ, ਐਡਮ ਜਾਂਪਾ, ਇਸੁਰੂ ਉਡਾਨਾ, ਮੋਇਨ ਅਲੀ, ਜੋਸ਼ ਫਿਲਿਪ, ਪਵਨ ਨੇਗੀ, ਪਵਨ ਦੇਸ਼ਪਾਂਡੇ, ਮੁਹੰਮਦ ਸਿਰਾਜ, ਉਮੇਸ਼ ਯਾਦਵ।
ਮੁੰਬਈ ਇੰਡੀਅਨਜ਼ - ਰੋਹਿਤ ਸ਼ਰਮਾ, ਅਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨਕੁਲ ਰਾਏ, ਧਵਲ ਕੁਲਕਰਨੀ, ਹਾਰਦਿਕ ਪੰਡਯਾ,ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਯੰਤ ਜਾਧਵ, ਕਿਰੋਨ ਪੋਲਾਰਡ, ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨਘਨ, ਕਵਿੰਟਨ ਡੀ ਕੌਕ,ਰਾਹੁਲ ਚਾਹਰ, ਐੱਸ. ਰੁਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ, ਨਾਥਨ ਕਾਲਟ ਨਾਇਲ, ਸੌਰਭ ਤਿਵਾੜੀ, ਮੋਹਸਿਨ ਖਾਨ, ਦਿਗਵਿਜੇ ਦੇਸ਼ਮੁਖ, ਪ੍ਰਿੰਸ ਬਲਵੰਤ ਰਾਏ ਸਿੰਘ, ਜੈਮਸ ਪੇਟਿੰਸਨ।