ਮੁੰਬਈ ਦੀਆਂ ਨਜ਼ਰਾਂ 42ਵੇਂ ਖਿਤਾਬ ’ਤੇ, ਵਿਦਰਭ ਤੋਂ ਮਿਲੇਗੀ ਸਖਤ ਚੁਣੌਤੀ

Sunday, Mar 10, 2024 - 11:46 AM (IST)

ਮੁੰਬਈ ਦੀਆਂ ਨਜ਼ਰਾਂ 42ਵੇਂ ਖਿਤਾਬ ’ਤੇ, ਵਿਦਰਭ ਤੋਂ ਮਿਲੇਗੀ ਸਖਤ ਚੁਣੌਤੀ

ਮੁੰਬਈ, (ਭਾਸ਼ਾ)– ਅਜਿੰਕਯ ਰਹਾਨੇ ਵਰਗੇ ਸੀਨੀਅਰ ਕਪਤਾਨ ਦੀ ਅਗਵਾਈ ਵਿਚ ਮੁੰਬਈ ਦੀ ਟੀਮ ਐਤਵਾਰ ਤੋਂ ਇਥੇ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਫਾਈਨਲ ’ਚ ਵਿਦਰਭ ਦੀ ਸਖਤ ਚਣੌਤੀ ਤੋਂ ਪਾਰ ਪਾ ਕੇ ਆਪਣਾ 42ਵਾਂ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਰਹਾਨੇ ਦੀ ਅਗਵਾਈ ’ਚ ਭਾਰਤ ਨੇ 3 ਸੈਸ਼ਨ ਪਹਿਲਾਂ ਆਸਟ੍ਰੇਲੀਆ ’ਚ ਟੈਸਟ ਲੜੀ ਜਿੱਤੀ ਸੀ। 

ਉਹ ਹੁਣ ਰਾਸ਼ਟਰੀ ਟੀਮ ਵਿਚੋਂ ਬਾਹਰ ਹੈ ਤੇ ਘਰੇਲੂ ਪੱਧਰ ’ਤੇ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਹੈ ਪਰ ਇਸ ਨਾਲ ਉਸਦੀ ਕਪਤਾਨੀ ਕਲਾ ਨੂੰ ਘੱਟ ਕਰਕੇ ਨਹੀਂ ਸਮਝਿਆ ਜਾ ਸਕਦਾ। ਰਹਾਨੇ ਨੇ ਰਣਜੀ ਟਰਾਫੀ ਦੇ ਮੌਜੂਦਾ ਸੈਸ਼ਨ ’ਚ ਹੁਣ ਤਕ 13.4 ਦੀ ਔਸਤ ਨਾਲ ਸਿਰਫ 134 ਦੌੜਾਂ ਬਣਾਈਆਂ ਹਨ। ਮੁੰਬਈ ਦਾ ਰਣਜੀ ਟਰਾਫੀ ’ਚ ਇਹ 48ਵਾਂ ਫਾਈਨਲ ਹੈ, ਜਿਸ ਵਿਚ ਉਸ ਨੂੰ ਜ਼ਖ਼ਮੀ ਸੂਰਯਕੁਮਾਰ ਯਾਦਵ ਤੇ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਵਿਚ ਖੇਡਣ ਵਾਲੇ ਸਰਫਰਾਜ਼ ਖਾਨ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ।

ਸ਼੍ਰੇਅਸ ਅਈਅਰ ਹਾਲਾਂਕਿ ਇਸ ਮੈਚ ਲਈ ਉਪਲਬੱਧ ਰਹੇਗਾ। ਅਈਅਰ ਨੂੰ ਰਣਜੀ ਟਰਾਫੀ ’ਚ ਨਾ ਖੇਡਣ ਕਾਰਨ ਬੀ. ਸੀ. ਸੀ. ਆਈ. ਦਾ ਸਾਲਾਨਾ ਕਰਾਰ ਗੁਆਉਣਾ ਪਿਆ ਸੀ। ਉਹ ਇਥੇ ਵੱਡੀ ਪਾਰੀ ਖੇਡ ਕੇ ਆਤਮਵਿਸ਼ਵਾਸ ਹਾਸਲ ਕਰਨਾ ਚਾਹੇਗਾ। ਮੁੰਬਈ ਨੂੰ ਦੋ ਵਾਰ ਦੇ ਚੈਂਪੀਅਨ ਵਿਦਰਭ ਤੋਂ ਸਖਤ ਚੁਣੌਤੀ ਮਿਲਣ ਦੀ ਸੰਭਾਵਨਾ ਹੈ, ਜਿਸ ਦੀ ਟੀਮ ਨੇ ਮਹੱਤਵਪੂਰਨ ਮੌਕਿਆਂ ’ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਟੈਸਟ ਕ੍ਰਿਕਟ ’ਚ 150 ਤੋਂ ਵੱਧ ਵਿਕਟਾਂ ਲੈਣ ਵਾਲਾ ਉਮੇਸ਼ ਯਾਦਵ ਨਵੀਂ ਗੇਂਦ ਨਾਲ ਮੁੰਬਈ ਦੇ ਬੱਲੇਬਾਜ਼ਾਂ ਸਾਹਮਣੇ ਚੁਣੌਤੀ ਪੇਸ਼ ਕਰ ਸਕਦਾ ਹੈ।


author

Tarsem Singh

Content Editor

Related News