MS Dhoni ਨੇ ਆਜ਼ਾਦੀ ਦਿਹਾੜੇ ’ਤੇ ਰਾਂਚੀ ਫਾਰਮ ਹਾਊਸ ’ਤੇ ਲਹਿਰਾਇਆ ਵਿਸ਼ਾਲ ਤਿਰੰਗਾ
Wednesday, Aug 16, 2023 - 02:42 AM (IST)
ਸਪੋਰਟਸ ਡੈਸਕ : ਸਾਬਕਾ ਭਾਰਤੀ ਕ੍ਰਿਕਟਰ ਅਤੇ ਕਪਤਾਨ ਐੱਮ. ਐੱਸ. ਧੋਨੀ ਨੇ 77ਵੇਂ ਆਜ਼ਾਦੀ ਦਿਹਾੜੇ ’ਤੇ ਆਪਣੇ ਰਾਂਚੀ ਫਾਰਮ ਹਾਊਸ ’ਤੇ ਵਿਸ਼ਾਲ ਰਾਸ਼ਟਰੀ ਝੰਡਾ ਲਹਿਰਾਇਆ। ਹਵਾ ’ਚ ਲਹਿਰਾਉਂਦੇ ਤਿਰੰਗੇ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀ ਹੈ। ਸੁਬੋਧ ਸਿੰਘ ਕੁਸ਼ਵਾਹਾ ਨਾਂ ਦੇ ਇਕ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਵੀਡੀਓ ਕਲਿੱਪ ਪੋਸਟ ਕੀਤੀ ਗਈ ਹੈ, ਜਿਸ ਵਿਚ ਧੋਨੀ ਦੇ ਫਾਰਮ ਹਾਊਸ ’ਤੇ ਰਾਸ਼ਟਰੀ ਝੰਡਾ ਲਹਿਰਾਉਂਦਾ ਨਜ਼ਰ ਆ ਰਿਹਾ ਹੈ। ਝੰਡੇ ਦਾ ਆਕਾਰ ਇੰਨਾ ਪ੍ਰਭਾਵਸ਼ਾਲੀ ਹੈ ਕਿ ਇਹ ਕਈ ਕਿਲੋਮੀਟਰ ਦੂਰ ਤੋਂ ਦਿਖਾਈ ਦਿੰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਦਿੱਲੀ : ਫਿਰ ਵਧਿਆ ਯਮੁਨਾ ’ਚ ਪਾਣੀ ਦਾ ਪੱਧਰ, ਪਹਾੜਾਂ ’ਚ ਮੀਂਹ ਮਗਰੋਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਨਦੀ
ਤੁਹਾਨੂੰ ਦੱਸ ਦੇਈਏ ਕਿ ਝਾਰਖੰਡ ਸੂਬੇ ਤੋਂ ਆਉਣ ਵਾਲੇ ਧੋਨੀ ਨੇ ਮੈਨ ਇਨ ਬਲੂ ਨੂੰ ਤਿੰਨ ਆਈ. ਸੀ. ਸੀ. ਟਰਾਫੀਆਂ ਦਿਵਾਈਆਂ ਹਨ। ਉਹ ਭਾਰਤੀ ਟੈਰੀਟੋਰੀਅਲ ਆਰਮੀ ਦੀ ਪੈਰਾਸ਼ੂਟ ਰੈਜੀਮੈਂਟ ਵਿਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਰੈਂਕ ਪ੍ਰਾਪਤ ਹਨ। ਉਨ੍ਹਾਂ ਨੂੰ ਕ੍ਰਿਕਟ ਵਿਚ ਯੋਗਦਾਨ ਲਈ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਵੀ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।
ਉਂਝ ਵੀ 15 ਅਗਸਤ ਦਾ ਦਿਨ ਧੋਨੀ ਦੀ ਕ੍ਰਿਕਟ ਲਾਈਫ ਲਈ ਬਹੁਤ ਅਹਿਮ ਹੈ। ਇਸੇ ਦਿਨ 2020 ਵਿਚ ਉਨ੍ਹਾਂ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਆਪਣੇ ਸੰਨਿਆਸ ਦਾ ਐਲਾਨ ਕਰਦੇ ਹੋਏ ਇਕ ਵੀਡੀਓ ਸਾਂਝਾ ਕੀਤਾ, ਜਿਸ ਦੀ ਕੈਪਸ਼ਨ ਲਿਖਿਆ, ‘‘ਤੁਹਾਡੇ ਪਿਆਰ ਅਤੇ ਸਮਰਥਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। 19.29 ਵਜੇ ਤੋਂ ਮੈਨੂੰ ਰਿਟਾਇਰਡ ਸਮਝੋ।’’