ਮੰਮੀ-ਪਾਪਾ ਨੂੰ ਸਮਾਰਟਫੋਨ ਦਿਵਾਉਣਾ ਹੈ ਤਾਂ ਜੋ ਉਹ ਕੋਈ ਮੈਚ ਦੇਖਣ ਤੋਂ ਨਾ ਖੁੰਝਣ : ਅਨੂੰ
Wednesday, Jun 14, 2023 - 02:35 PM (IST)
ਨਵੀਂ ਦਿੱਲੀ : ਬਚਪਨ ਤੋਂ ਪਰਿਵਾਰ ਦੇ ਬਲੀਦਾਨ ਤੇ ਸੰਘਰਸ਼ ਦੇਖਦੀ ਆਈ ਅਨੂੰ ਨੇ ਜੂਨੀਅਰ ਮਹਿਲਾ ਹਾਕੀ ਏਸ਼ੀਆ ਕੱਪ ਵਿਚ ਜਦ ਦਨਾਦਨ ਗੋਲ ਕੀਤੇ ਤਾਂ ਉਸ ਨੂੰ ਇਹੀ ਦੁੱਖ ਰਹਿ ਗਿਆ ਕਿ ਭੁੱਖੇ ਸੋ ਕੇ ਵੀ ਉਸ ਦੇ ਸੁਪਨੇ ਪੂਰੇ ਕਰਨ ਵਾਲੇ ਉਸ ਦੇ ਮਾਤਾ ਪਿਤਾ ਉਸ ਨੂੰ ਇਤਿਹਾਸ ਰਚਦੇ ਨਹੀਂ ਦੇਖ ਸਕੇ। ਭਾਰਤੀ ਟੀਮ ਨੇ ਜਾਪਾਨ ਦੇ ਕਾਕਾਮਿਗਾਹਾਰਾ ਵਿਚ ਚਾਰ ਵਾਰ ਦੀ ਚੈਂਪੀਅਨ ਦੱਖਣੀ ਕੋਰੀਆ ਦੀ ਟੀਮ ਨੂੰ ਫਾਈਨਲ ਵਿਚ 2-1 ਨਾਲ ਹਰਾ ਕੇ ਪਹਿਲੀ ਵਾਰ ਖ਼ਿਤਾਬ ਜਿੱਤਿਆ।
ਅਨੂੰ ਨੇ ਫਾਈਨਲ ਵਿਚ ਪਹਿਲਾ ਗੋਲ ਕੀਤਾ ਤੇ ਪੂਰੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਨੌਂ ਗੋਲ ਕਰ ਕੇ ਦੋ ਵਾਰ ਪਲੇਅਰ ਆਫ ਦਿ ਮੈਚ ਬਣੀ। ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਰੋਜਖੇੜਾ ਦੀ ਰਹਿਣ ਵਾਲੀ ਅਨੂੰ ਨੇ ਕਿਹਾ ਕਿ ਮੈਨੂੰ ਇਹ ਦੁੱਖ ਹਮੇਸ਼ਾ ਰਹੇਗਾ ਕਿ ਮੇਰੇ ਮਾਤਾ-ਪਿਤਾ ਮੈਚ ਨਹੀਂ ਦੇਖ ਸਕੇ। ਉਨ੍ਹਾਂ ਕੋਲ ਸਮਾਰਟ ਫੋਨ ਨਹੀਂ ਸੀ ਜਿਸ ’ਤੇ ਲਾਈਵ ਸਟ੍ਰੀਮਿੰਗ ਦੇਖ ਸਕਦੇ।
ਹੁਣ ਘਰ ਜਾ ਕੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਫੋਨ ਦਿਵਾਉਣਾ ਹੈ ਤਾਂਕਿ ਅੱਗੇ ਤੋਂ ਅਜਿਹਾ ਨਾ ਹੋਵੇ। ਅਨੂੰ ਦੇ ਪਰਿਵਾਰ ਵਿਚ ਸਿਰਫ ਭਰਾ ਨੇ ਮੈਚ ਦੇਖਿਆ ਜੋ ਪਿਛਲੇ ਦਿਨੀਂ ਫ਼ੌਜ ਵਿਚ ਭਰਤੀ ਹੋਇਆ ਹੈ। ਆਪਣੇ ਪਰਿਵਾਰ ਦੇ ਸੰਘਰਸ਼ਾਂ ਬਾਰੇ ਇਸ ਹੋਣਹਾਰ ਖਿਡਾਰਨ ਨੇ ਕਿਹਾ ਕਿ ਅਸੀਂ ਬਹੁਤ ਬੁਰੇ ਦਿਨ ਦੇਖੇ ਹਨ। ਪਾਪਾ ਖੇਤਾਂ ਵਿਚ ਮਜ਼ਦੂਰੀ ਕਰਦੇ ਤਾਂ ਕਦੀ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਸਨ। ਮਾਂ ਡਿਸਕ ਦੀ ਬਿਮਾਰੀ ਨਾਲ ਜੂਝ ਰਹੀ ਸੀ। ਅਸੀਂ ਕਈ ਵਾਰ ਭੁੱਖੇ ਵੀ ਸੁੱਤੇ ਹਾਂ ਤੇ ਮੈਦਾਨ ’ਤੇ ਖੇਡਦੇ ਸਮੇਂ ਮਾਤਾ-ਪਿਤਾ ਦੇ ਇਹ ਸਾਰੇ ਬਲੀਦਾਨ ਮੈਨੂੰ ਯਾਦ ਰਹਿੰਦੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।