ਮੁਹੰਮਦ ਸਿਰਾਜ ਅਗਸਤ ਦੇ ‘ਸਰਬੋਤਮ ਖਿਡਾਰੀ’ ਪੁਰਸਕਾਰ ਲਈ ਨਾਮਜ਼ਦ

Tuesday, Sep 09, 2025 - 12:20 PM (IST)

ਮੁਹੰਮਦ ਸਿਰਾਜ ਅਗਸਤ ਦੇ ‘ਸਰਬੋਤਮ ਖਿਡਾਰੀ’ ਪੁਰਸਕਾਰ ਲਈ ਨਾਮਜ਼ਦ

ਸਪੋਰਟਸ ਡੈਸਕ- ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਇੰਗਲੈਂਡ ਦੌਰੇ ਦੇ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅੱਜ ਅਗਸਤ ਮਹੀਨੇ ਲਈ ਆਈਸੀਸੀ ਦੇ ‘ਸਰਬੋਤਮ ਖਿਡਾਰੀ’ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਸੂਚੀ ਵਿੱਚ ਨਿਊਜ਼ੀਲੈਂਡ ਦੇ ਮੈਟ ਹੈਨਰੀ ਅਤੇ ਵੈਸਟਇੰਡੀਜ਼ ਦੇ ਜੇਡਨ ਸੀਲਜ਼ ਦੇ ਨਾਲ ਵੀ ਸ਼ਾਮਲ ਹਨ। ਸਿਰਾਜ ਨੇ ਇੰਗਲੈਂਡ ਵਿੱਚ ਪੰਜ ਮੈਚਾਂ ਦੀ ਲੜੀ ਦੇ ਸਾਰੇ ਮੈਚ ਖੇਡੇ ਅਤੇ 23 ਵਿਕਟਾਂ ਲਈਆਂ। ਜੂਨ ਦੇ ਅਖੀਰ ਵਿੱਚ ਸ਼ੁਰੂ ਹੋਈ ਇਹ ਲੜੀ ਅਗਸਤ ਦੇ ਸ਼ੁਰੂ ਵਿੱਚ ਖਤਮ ਹੋਈ ਸੀ। ਸਿਰਾਜ ਨੇ ਸਾਰੇ ਪੰਜ ਟੈਸਟਾਂ ਵਿੱਚ 185.3 ਓਵਰ ਗੇਂਦਬਾਜ਼ੀ ਕੀਤੀ।

ਆਈਸੀਸੀ ਨੇ ਆਪਣੀ ਵੈੱਬਸਾਈਟ ’ਤੇ ਕਿਹਾ, ‘ਮੁਹੰਮਦ ਸਿਰਾਜ ਨੇ ਅਗਸਤ ਵਿੱਚ ਸਿਰਫ਼ ਇੱਕ ਮੈਚ ਖੇਡਿਆ, ਪਰ ਉਸ ਮੈਚ ਵਿੱਚ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਉਸ ਨੂੰ ਨਾਮਜ਼ਦ ਕਰਨ ਲਈ ਕਾਫ਼ੀ ਸੀ। ਲੜੀ ਦੇ ਪਹਿਲੇ ਚਾਰ ਮੈਚ ਖੇਡਣ ਦੇ ਬਾਵਜੂਦ ਉਸ ਨੇ ਪੰਜਵੇਂ ਮੈਚ ਦੀਆਂ ਦੋ ਪਾਰੀਆਂ ਵਿੱਚ 46 ਤੋਂ ਵੱਧ ਓਵਰ ਗੇਂਦਬਾਜ਼ੀ ਕੀਤੀ।’ ਆਈਸੀਸੀ ਨੇ ਕਿਹਾ, ‘ਉਸ ਨੇ ਪਹਿਲੀ ਪਾਰੀ ਵਿੱਚ ਚਾਰ ਅਤੇ ਦੂਜੀ ਪਾਰੀ ਵਿੱਚ ਸ਼ਾਨਦਾਰ ਪੰਜ ਵਿਕਟਾਂ ਲਈਆਂ।’ ਦੂਜੀ ਪਾਰੀ ਵਿੱਚ ਉਸ ਦੇ ਫੈਸਲਾਕੁਨ ਸਪੈੱਲ ਨੇ ਭਾਰਤ ਨੂੰ ਜਿੱਤ ਦਿਵਾਈ, ਜਿਸ ਨਾਲ ਲੜੀ 2-2 ਨਾਲ ਖਤਮ ਹੋਈ।’

ਨਿਊਜ਼ੀਲੈਂਡ ਦੇ ਹੈਨਰੀ ਨੂੰ ਜ਼ਿੰਬਾਬਵੇ ਵਿੱਚ ਟੈਸਟ ਲੜੀ ’ਚ ਜਿੱਤ ਦੌਰਾਨ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਨਾਮਜ਼ਦ ਕੀਤਾ ਗਿਆ ਹੈ। ਸੱਜੇ ਹੱਥ ਦੇ ਗੇਂਦਬਾਜ਼ ਨੇ ਇਸ ਲੜੀ ਵਿੱਚ 16 ਵਿਕਟਾਂ ਲਈਆਂ। ਇਸੇ ਤਰ੍ਹਾਂ ਸੀਲਜ਼ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਵੈਸਟਇੰਡੀਜ਼ ਨੂੰ 34 ਸਾਲਾਂ ਵਿੱਚ ਪਹਿਲੀ ਵਾਰ ਇੱਕ ਰੋਜ਼ਾ ਲੜੀ ਵਿੱਚ ਪਾਕਿਸਤਾਨ ਨੂੰ ਹਰਾਉਣ ਵਿੱਚ ਮਦਦ ਕੀਤੀ। ਸੀਲਜ਼ ਨੇ ਤਿੰਨ ਮੈਚਾਂ ਦੀ ਲੜੀ ਵਿੱਚ 10 ਵਿਕਟਾਂ ਲਈਆਂ ਸਨ।


author

Tarsem Singh

Content Editor

Related News