ਮੁਹੰਮਦ ਸਿਰਾਜ ਦਾ ICC ਰੈਂਕਿੰਗ 'ਚ ਤੂਫਾਨ, ਸਾਰਿਆਂ ਨੂੰ ਛੱਡਿਆ ਪਿੱਛੇ, ਬਣੇ ਨੰਬਰ-1 ਵਨਡੇ ਗੇਂਦਬਾਜ਼

01/25/2023 3:36:27 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਨਿਊਜ਼ੀਲੈਂਡ ਦੇ ਖ਼ਿਲਾਫ਼ ਵਨਡੇ ਸੀਰੀਜ਼ 'ਚ ਧਮਾਕੇਦਾਰ ਪ੍ਰਦਰਸ਼ਨ ਕਰਨ ਦਾ ਬੰਪਰ ਫਾਇਦਾ ਮਿਲਿਆ ਹੈ। ਉਹ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ.  ਸੀ.) ਵੀ ਵਨਡੇ ਰੈੰਕਿੰਗ 'ਚ ਟਾਪ 'ਤੇ ਪੁੱਜ ਗਏ ਹਨ।

28 ਸਾਲ ਦੇ ਮੁਹੰਮਦ ਸਿਰਾਜ ਹੁਣ ਨੰਬਰ 1 ਗੇਂਦਬਾਜ਼ ਬਣ ਗਏ ਹਨ। ਇਸ ਮਾਮਲੇ 'ਚ ਉਹ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਅਤੇ ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਨੂੰ ਪਿੱਛੇ ਛੱਡ ਕੇ ਪਹਿਲੀ ਵਾਰ ਚੋਟੀ ਦੇ ਕ੍ਰਮ ਦੇ ਵਨਡੇ ਗੇਂਦਬਾਜ਼ ਬਣੇ। ਪਿਛਲੇ 12 ਮਹੀਨਿਆਂ ਤੋਂ ਨਾ ਸਿਰਫ ਸਿਰਾਜ ਦੀ ਫਾਰਮ ਪ੍ਰਭਾਵਸ਼ਾਲੀ ਰਹੀ ਹੈ, ਸਗੋਂ ਇਸ ਮਹੀਨੇ ਦੇ ਸ਼ੁਰੂ ਵਿਚ ਘਰੇਲੂ ਮੈਦਾਨ 'ਤੇ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਦੇ ਖਿਲਾਫ ਵਨਡੇ ਸੀਰੀਜ਼ ਵਿਚ ਉਸ ਦੇ ਯਤਨਾਂ ਨੇ ਦਿਖਾਇਆ ਹੈ ਕਿ ਹਾਲ ਹੀ ਦੇ ਸਮੇਂ ਵਿਚ ਸੱਜੇ ਹੱਥ ਦੇ ਗੇਂਦਬਾਜ਼ ਵਿਚ ਕਿੰਨਾ ਸੁਧਾਰ ਹੋਇਆ ਹੈ।

ਇਹ ਵੀ ਪੜ੍ਹੋ : BCCI ਨੂੰ ਮਹਿਲਾ IPL ਦੀਆਂ ਪੰਜ ਟੀਮਾਂ ਦੀ ਨਿਲਾਮੀ ਤੋਂ 4000 ਕਰੋੜ ਰੁਪਏ ਦੀ ਕਮਾਈ ਦੀ ਉਮੀਦ

ਭਾਰਤ ਦੇ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਨੇ ਪਿਛਲੇ ਸਾਲ ਸਿਰਾਜ ਨੂੰ ਆਪਣੀ ਖੇਡ ਦੇ ਕੁਝ ਪਹਿਲੂਆਂ 'ਤੇ ਕੰਮ ਕਰਨ ਦੀ ਚੁਣੌਤੀ ਦਿੱਤੀ ਸੀ ਅਤੇ ਇਸ ਤੇਜ਼ ਗੇਂਦਬਾ਼ਜ਼ ਨੇ ਜੋ ਵਾਧੂ ਟ੍ਰੇਨਿੰਗ ਲਈ ਉਸ ਦੇ ਨਤੀਜੇ ਵਜੋਂ ਉਹ ਆਈਸੀਸੀ ਵਨਡੇ ਰੈਂਕਿੰਗ ਵਿੱਚ ਚੋਟੀ ਦੇ ਸਥਾਨ 'ਤੇ ਪਹੁੰਚ ਗਿਆ ਹੈ। ਸਿਰਾਜ ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ 'ਚ 9 ਵਿਕਟਾਂ ਲੈ ਮੋਹਰਲੇ ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਗਏ। ਇੰਨਾ ਹੀ ਨਹੀਂ ਸਿਰਾਜ ਨੇ ਨਿਊਜ਼ੀਲੈਂਡ ਖਿਲਾਫ ਹਾਲ ਹੀ 'ਚ ਖਤਮ ਹੋਈ ਵਨਡੇ ਸੀਰੀਜ਼ ਦੇ ਸ਼ੁਰੂਆਤੀ ਮੈਚ 'ਚ ਚਾਰ ਵਿਕਟਾਂ ਲਈਆਂ।

ਸਿਰਾਜ 729 ਰੇਟਿੰਗ ਅੰਕਾਂ ਨਾਲ ਵਨਡੇ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਸਿਖਰ 'ਤੇ ਪਹੁੰਚ ਗਿਆ ਹੈ। ਹੇਜ਼ਲਵੁੱਡ 727 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ ਜਦਕਿ ਟ੍ਰੇਂਟ ਬੋਲਟ 708 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਸਿਰਾਜ ਦੀ ਉਦੋਂ ਤਾਰੀਫ ਕੀਤੀ ਜਦੋਂ ਉਸ ਨੂੰ ਨਿਊਜ਼ੀਲੈਂਡ ਖਿਲਾਫ ਸੀਰੀਜ਼ 'ਚ ਹੂੰਝਾ ਫੇਰਨ ਤੋਂ ਬਾਅਦ ਉਭਰਦੇ ਹੋਏ ਤੇਜ਼ ਗੇਂਦਬਾਜ਼ ਦੇ ਬਾਰੇ ਪੁੱਛਿਆ ਗਿਆ। ਰੋਹਿਤ ਨੇ ਕਿਹਾ, 'ਉਸ ਨੇ ਅਸਲ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ, ਉਹ ਸਮਝਦਾ ਹੈ ਕਿ ਟੀਮ ਉਸ ਤੋਂ ਕੀ ਉਮੀਦ ਕਰ ਰਹੀ ਹੈ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News