ਨਾਬਾਲਗ ਪਹਿਲਵਾਨ ਦੇ ਪਿਤਾ ਦਾ ਵੱਡਾ ਦਾਅਵਾ, ਬ੍ਰਿਜ ਭੂਸ਼ਣ ਨੇ ਨਹੀਂ ਕੀਤਾ ਕਿਸੇ ਦਾ ਜਿਨਸੀ ਸ਼ੋਸ਼ਣ

06/09/2023 11:14:43 AM

ਨਵੀਂ ਦਿੱਲੀ (ਭਾਸ਼ਾ)- ਨਾਬਾਲਗ ਪਹਿਲਵਾਨ ਦੇ ਪਿਤਾ ਨੇ ਵੀਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਡਬਲਿਊ. ਐੱਫ. ਆਈ. ਦੇ ਅਹੁਦਾ ਛੱਡ ਰਹੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਜਿਨਸੀ ਸ਼ੋਸ਼ਣ ਦੀ ਝੂਠੀ ਸ਼ਿਕਾਇਤ ਦਰਜ ਕਰਾਈ ਸੀ, ਕਿਉਂਕਿ ਉਹ ਆਪਣੀ ਧੀ ਨਾਲ ਹੋਈ ਬੇਇਨਸਾਫੀ ਤੋਂ ਨਾਰਾਜ਼ ਸੀ। ਇਸ ਖੁਲਾਸੇ ਨਾਲ ਬ੍ਰਿਜਭੂਸ਼ਣ ਦੇ ਖਿਲਾਫ ਮਾਮਲਾ ਕਮਜ਼ੋਰ ਹੋ ਸਕਦਾ ਹੈ। ਪਿਛਲੇ 6 ਮਹੀਨਿਆਂ ਤੋਂ ਪਹਿਲਵਾਨ ਜਿਨਸੀ ਸ਼ੋਸ਼ਣ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਨਾਬਾਲਗ ਪਹਿਲਵਾਨ ਦੀ ਸ਼ਿਕਾਇਤ ਤੋਂ ਬਾਅਦ ਪੋਕਸੋ ਕਾਨੂੰਨ ਦੇ ਤਹਿਤ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ: ਵਿਵਾਦਾਂ ’ਚ ਘਿਰੀ ਸੰਨੀ ਦਿਓਲ ਦੀ ਫਿਲਮ ‘ਗਦਰ-2’, ਗੁਰਦੁਆਰੇ ’ਚ ਫਿਲਮਾਏ ਇਤਰਾਜ਼ਯੋਗ ਸੀਨ ਕੱਟਣ ਦੀ ਉੱਠੀ ਮੰਗ

ਨਾਬਾਲਗ ਦੇ ਪਿਤਾ ਨੇ ਕਿਹਾ, ‘‘ਇਹ ਬਿਹਤਰ ਹੈ ਕਿ ਸੱਚ ਅਦਾਲਤ ’ਚ ਆਉਣ ਦੀ ਬਜਾਏ ਹੁਣੇ ਸਾਹਮਣੇ ਆ ਜਾਵੇ।’’ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਹੁਣ ਉਹ ਆਪਣੀ ਗੱਲ ਤੋਂ ਕਿਉਂ ਪਲਟ ਰਹੇ ਹਨ। ਉਨ੍ਹਾਂ ਕਿਹਾ, ‘‘ਹੁਣ ਜਦੋਂ ਗੱਲਬਾਤ ਸ਼ੁਰੂ ਹੋ ਗਈ ਹੈ ਤਾਂ ਸਰਕਾਰ ਨੇ ਪਿਛਲੇ ਸਾਲ ਮੇਰੀ ਧੀ ਦੀ ਹਾਰ (ਏਸ਼ੀਆਈ ਅੰਡਰ-17 ਚੈਂਪੀਅਨਸ਼ਿਪ ਟ੍ਰਾਇਲ) ਦੀ ਨਿਰਪੱਖ ਜਾਂਚ ਦਾ ਵਾਅਦਾ ਕੀਤਾ ਹੈ। ਮੇਰਾ ਵੀ ਫਰਜ਼ ਬਣਦਾ ਹੈ ਕਿ ਆਪਣੀ ਗਲਤੀ ਸੁਧਾਰਾਂ।’’ ਉਨ੍ਹਾਂ ਨੇ ਆਪਣੀ ਅਤੇ ਆਪਣੀ ਧੀ ਦੀ ਬ੍ਰਿਜਭੂਸ਼ਣ ਖਿਲਾਫ ਕੁੜੱਤਣ ਦਾ ਵੀ ਸਪਸ਼ਟੀਕਰਨ ਦਿੱਤਾ। ਇਸ ਦੀ ਸ਼ੁਰੂਆਤ ਲਖਨਊ ’ਚ 2022 ’ਚ ਏਸ਼ੀਆਈ ਅੰਡਰ-17 ਚੈਂਪੀਅਨਸ਼ਿਪ ਦੇ ਟ੍ਰਾਇਲ ਤੋਂ ਹੋਈ ਜਿਸ ’ਚ ਨਾਬਾਲਗ ਕੁੜੀ ਫਾਈਨਲ ’ਚ ਹਾਰ ਕੇ ਭਾਰਤੀ ਟੀਮ ’ਚ ਜਗ੍ਹਾ ਨਹੀਂ ਬਣਾ ਸਕੀ ਸੀ। ਉਨ੍ਹਾਂ ਨੇ ਰੈਫਰੀ ਦੇ ਫੈਸਲੇ ਲਈ ਬ੍ਰਿਜਭੂਸ਼ਣ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ, 'ਮੈਂ ਬਦਲੇ ਦੀ ਭਾਵਨਾ ਨਾਲ ਭਰ ਗਿਆ ਸੀ, ਕਿਉਂਕਿ ਰੈਫਰੀ ਦੇ ਇਕ ਫੈਸਲੇ ਨਾਲ ਮੇਰੀ ਬੱਚੀ ਦੀ ਇਕ ਸਾਲ ਦੀ ਮਿਹਨਤ ਬੇਕਾਰ ਹੋ ਗਈ ਸੀ। ਮੈਂ ਬਦਲਾ ਲੈਣ ਦਾ ਫੈਸਲਾ ਕੀਤਾ। ਇਹ ਮੈਚ ਦਿੱਲੀ ਦੇ ਇੱਕ ਪਹਿਲਵਾਨ ਨਾਲ ਸੀ। ਇਸ ਵਿੱਚ UWW ਅਤੇ WFI ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਮੈਨੂੰ ਦਿੱਲੀ ਦੇ ਪਹਿਲਵਾਨ ਤੋਂ ਕੋਈ ਸ਼ਿਕਾਇਤ ਨਹੀਂ ਹੈ। ਉਹ ਵੀ ਮੇਰੀ ਧੀ ਵਰਗੀ ਹੈ ਪਰ ਰੈਫਰੀ ਵੀ ਦਿੱਲੀ ਦਾ ਸੀ ਜਿਸ ਨੇ ਜਾਣਬੁੱਝ ਕੇ ਮੇਰੀ ਧੀ ਨੂੰ ਹਰਾਇਆ।'

ਇਹ ਵੀ ਪੜ੍ਹੋ: ਪਾਟੀ ਜੀਨਸ, ਹਾਫ ਪੈਂਟ, ਮਿਨੀ ਸਕਰਟ, ਨਾਈਟ ਸੂਟ ’ਚ ਹਰਿਦੁਆਰ-ਰਿਸ਼ੀਕੇਸ਼ ਦੇ ਮੰਦਰਾਂ ’ਚ ‘ਨੋ ਐਂਟਰੀ’

ਇਹ ਪੁੱਛੇ ਜਾਣ 'ਤੇ ਕਿ ਉਹ ਰੈਫਰੀ ਦੇ ਪੱਖਪਾਤ ਲਈ ਬ੍ਰਿਜ ਭੂਸ਼ਣ ਤੋਂ ਨਾਰਾਜ਼ ਕਿਉਂ ਸਨ, ਉਨ੍ਹਾਂ ਕਿਹਾ, ''ਰੈਫਰੀ ਦੀ ਨਿਯੁਕਤੀ ਕੌਣ ਕਰਦਾ ਹੈ? ਫੈਡਰੇਸ਼ਨ ਹੀ ਨਾ? ਫੈਡਰੇਸ਼ਨ ਦਾ ਮੁਖੀ ਕੌਣ ਹੈ? ਇਸੇ ਲਈ ਮੈਂ ਉਸ ਨਾਲ ਨਾਰਾਜ਼ ਹਾਂ।' ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਨੇ ਸਿਰਫ ਇੱਕ ਮੈਚ ਹਾਰਨ ਲਈ ਇੰਨੇ ਗੰਭੀਰ ਦੋਸ਼ ਕਿਉਂ ਲਗਾਏ, ਉਨ੍ਹਾਂ ਕਿਹਾ, "ਤੁਹਾਨੂੰ ਲੱਗਦਾ ਹੈ ਕਿ ਇਹ ਸਿਰਫ ਇੱਕ ਮੈਚ ਹੈ ਅਤੇ ਸ਼ਾਇਦ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਰ ਇਹ ਇੱਕ ਸਾਲ ਦੀ ਸਖ਼ਤ ਮਿਹਨਤ ਸੀ। ਇੱਕ ਕੁੜੀ ਜੋ ਸਰਜਰੀ ਤੋਂ ਬਾਅਦ ਵਾਪਸੀ ਕਰ ਰਹੀ ਸੀ ਅਤੇ ਹਰ ਰੋਜ਼ ਕਈ ਘੰਟੇ ਸਖ਼ਤ ਮਿਹਨਤ ਕਰਕੇ ਪਰਤੀ ਸੀ, ਉਹ ਇਸ ਇੱਕ ਮੈਚ ਦੀ ਮਹੱਤਤਾ ਨੂੰ ਜਾਣਦੀ ਹੈ। ਉਸ ਕੁੜੀ ਦੇ ਪਿਤਾ ਨੂੰ ਉਸ ਇੱਕ ਮੈਚ ਦੀ ਮਹੱਤਤਾ ਪਤਾ ਹੈ ਕਿਉਂਕਿ ਇਸ ਕਾਰਨ ਅਸੀਂ ਚਾਰ ਅੰਤਰਰਾਸ਼ਟਰੀ ਟੂਰ ਅਤੇ ਸ਼ਾਇਦ ਚਾਰ ਮੈਡਲਾਂ ਤੋਂ ਖੁੰਝ ਗਏ।" ਰੋਹਤਕ ਦੇ ਰਹਿਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਅਤੇ ਉਸ ਦੀ ਧੀ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੇ ਦਬਾਅ ਹੇਠ ਨਹੀਂ ਹਨ। 
ਉਨ੍ਹਾਂ ਕਿਹਾ, “ਅਦਾਲਤ ਦੀ ਬਜਾਏ ਹੁਣ ਚੀਜ਼ਾਂ ਸਪੱਸ਼ਟ ਹੋ ਜਾਣ ਤਾਂ ਬਿਹਤਰ ਹੋਵੇਗਾ। ਜਦੋਂ ਮੈਂ ਫੈਡਰੇਸ਼ਨ ਨਾਲ ਗੱਲ ਕੀਤੀ ਸੀ ਤਾਂ ਉਨ੍ਹਾਂ ਨੇ ਵੀ ਗਲਤ ਫੈਸਲੇ ਨੂੰ ਮੰਨਿਆ ਅਤੇ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਉਹ ਵਾਅਦੇ ਤੋਂ ਮੁਕਰ ਗਏ। ਇਹ ਕੋਈ ਛੋਟੀ ਗੱਲ ਨਹੀਂ ਹੈ, ਇਸ ਲਈ ਮੇਰਾ ਗੁੱਸਾ ਜਾਇਜ਼ ਹੈ। ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।'

ਇਹ ਵੀ ਪੜ੍ਹੋ: ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਵੱਡੀ ਰਾਹਤ, ਖਾਣ ਵਾਲਾ ਤੇਲ 10 ਰੁਪਏ ਹੋਇਆ ਸਸਤਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News