ਰਾਓਨਿਕ ਜਿੱਤੇ, ਸਾਕ ਰੋਜਰਸ ਕੱਪ ਤੋਂ ਬਾਹਰ
Tuesday, Aug 07, 2018 - 02:28 PM (IST)

ਟੋਰੰਟੋ— ਕੈਨੇਡਾ ਦੇ ਮਿਲੋਸ ਰਾਓਨਿਕ ਨੇ 10ਵਾਂ ਦਰਜਾ ਪ੍ਰਾਪਤ ਬੈਲਜੀਅਮ ਦੇ ਡੇਵਿਡ ਗੋਫਿਨ ਨੂੰ ਪਹਿਲੇ ਹੀ ਦੌਰ 'ਚ ਲਗਾਤਾਰ ਸੈੱਟਾਂ 'ਚ 6-3, 6-4 ਨਾਲ ਹਰਾ ਕੇ ਬਾਹਰ ਕਰ ਦਿੱਤਾ ਹੈ। ਟੋਰੰਟੋ 'ਚ ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਦੇ ਹੋਏ ਰਾਓਨਿਕ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਸਰਵ 'ਤੇ ਸਾਰੇ 27 ਅੰਕ ਲੈ ਕੇ ਮੈਚ 'ਚ ਜ਼ਬਰਦਸਤ ਸ਼ੁਰੂਆਤ ਕੀਤੀ। ਰਾਓਨਿਕ ਨੇ ਸਿਰਫ 73 ਮਿੰਟਾਂ 'ਚ ਹੀ ਆਪਣਾ ਮੈਚ ਜਿੱਤ ਲਿਆ।
ਉਨ੍ਹਾਂ ਮੈਚ ਤੋਂ ਬਾਅਦ ਕਿਹਾ, ''ਮੈਨੂੰ ਲਗਦਾ ਹੈ ਕਿ ਮੈਂ ਮੈਚ 'ਚ ਅਜੇ ਵੀ ਚੰਗਾ ਪ੍ਰਦਰਸ਼ਨ ਕਰ ਸਕਦਾ ਹਾਂ। ਮੈਂ ਚੰਗਾ ਫੋਰਹੈਂਡ ਲਗਾਇਆ। ਮੈਂ ਪਿਛਲੇ ਕੁਝ ਮਹੀਨਿਆਂ ਤੋਂ ਇਸੇ 'ਤੇ ਕੰਮ ਕੀਤਾ ਹੈ। ਵਿੰਬਲਡਨ 'ਚ ਕੁਆਰਟਰ ਫਾਈਨਲ ਤਕ ਪੁੱਜੇ ਗੈਰ ਦਰਜਾ ਪ੍ਰਾਪਤ ਰਾਓਨਿਕ ਦਾ ਅਗਲੇ ਦੌਰ 'ਚ ਅਮਰੀਕਾ ਦੇ ਫਰਾਂਸਿਸ ਟੀਆਫੋਏ ਅਤੇ ਇਟਲੀ ਦੇ ਮਾਰਕੋ ਸੇਸੇਹਿਨਾਤੋ ਵਿਚਾਲੇ ਮੈਚ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ। ਦੂਜੇ ਪਾਸੇ 13ਵਾਂ ਦਰਜਾ ਪ੍ਰਾਪਤ ਅਮਰੀਕਾ ਦੇ ਜੈਕ ਸਾਕ ਨੂੰ ਰੂਸ ਦੇ ਕੁਆਲੀਫਾਇਰ ਡਾਨਿਸ ਮੇਦਵੇਦੇਵ ਦੇ ਹੱਥੋਂ ਹਾਰ ਝਲਣੀ ਪਈ। ਮੇਦਵੇਦੇਵ ਨੇ 6-3, 3-6, 6-3 ਨਾਲ ਮੈਚ ਜਿੱਤਿਆ ਅਤੇ ਦੂਜੇ ਦੌਰ 'ਚ ਉਨ੍ਹਾਂ ਦਾ ਕੈਨੇਡਾ ਦੇ ਫੇਲਿਕਸ ਆਗਰ ਐਲੀਆਸਿਮ ਅਤੇ ਫਰਾਂਸ ਦੇ ਲੁਕਾਸ ਪੋਈਲੀ ਵਿਚਾਲੇ ਮੈਚ ਜੇਤੂ ਨਾਲ ਮੁਕਾਬਲਾ ਹੋਵੇਗਾ।