ਕੋਵਿਡ-19 ਤੋਂ ਉੱਭਰੇ CSK ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ, ਆਸਟਰੇਲੀਆ ਲਈ ਹੋਏ ਰਵਾਨਾ

Sunday, May 16, 2021 - 06:57 PM (IST)

ਕੋਵਿਡ-19 ਤੋਂ ਉੱਭਰੇ CSK ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ, ਆਸਟਰੇਲੀਆ ਲਈ ਹੋਏ ਰਵਾਨਾ

ਚੇਨਈ— ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ ਕੋਵਿਡ-19 ਤੋਂ ਉੱਭਰਨ ਦੇ ਬਾਅਦ ਐਤਵਾਰ ਨੂੰ ਦੋਹਾ ਹੁੰਦੇ ਹੋਏ ਆਸਟਰੇਲੀਆ ਲਈ ਰਵਾਨਾ ਹੋਏ। ਇਸ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਫ਼ੈਂਚਾਈਜ਼ੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਆਸਟਰੇਲੀਆ ਦੇ ਇਸ ਸਾਬਕਾ ਬੱਲੇਬਾਜ਼ ਦਾ ਸ਼ੁੱਕਰਵਾਰ ਨੂੰ ਆਰ.ਟੀ-ਪੀ.ਸੀ.ਆਰ. ਟੈਸਟ ਦਾ ਨਤੀਜਾ ਨੈਗੇਟਿਵ ਆਇਆ ਜਿਸ ਨਾਲ ਉਨ੍ਹਾਂ ਦਾ ਐਤਵਾਰ ਤੜਕੇ ਰਵਾਨਾ ਹੋਣ ਦਾ ਰਸਤਾ ਸਾਫ਼ ਹੋਇਆ। ਸੁਪਰ ਕਿੰਗਜ਼ ਦੇ ਸੀ. ਈ. ਓ. ਕੇ. ਐੱਸ. ਵਿਸ਼ਵਨਾਥਨ ਨੇ ਦੱਸਿਆ ਕਿ ਹਾਂ ਕਮਰਸ਼ੀਅਲ ਫ਼ਲਾਈਟ ਨਾਲ ਦੋਹਾ ਹੁੰਦੇ ਹੋਏ ਉਹ ਆਸਟਰੇਲੀਆ ਲਈ ਰਵਾਨਾ ਹੋ ਗਏ ਹਨ। ਉਹ ਐਤਵਾਰ ਤੜਕੇ ਰਵਾਨਾ ਹੋਏ।

ਹੁਣ ਮੁਲਤਵੀ ਹੋ ਚੁੱਕੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਦੌਰਾਨ ਕੋਵਿਡ-19 ਪਾਜ਼ੇਟਿਵ ਪਾਏ ਗਏ ਹਸੀ ਦੇ ਸੋਮਵਾਰ ਨੂੰ ਆਪਣੇ ਵਤਨ ਪਹੁੰਚਣ ਦੀ ਉਮੀਦ ਹੈ। ਬਾਇਓ-ਬਬਲ ਨਾਲ ਸੁਰੱਖਿਅਤ ਮਾਹੌਲ ’ਚ ਚਾਰ ਖਿਡਾਰੀਆਂ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਦੇ ਬਾਅਦ ਚਾਰ ਮਈ ਨੂੰ ਇੰਡੀਅਨ ਪ੍ਰੀਮੀਅਰ ਲੀਗ ਨੂੰ ਮੁਤਲਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹਸੀ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਸੁਪਰਕਿੰਗਜ਼ ਦੇ ਕੋਚ ਐੱਲ. ਬਾਲਾਜੀ ਨਾਲ ਦਿੱਲੀ ਤੋਂ ਏਅਰ ਐਂਬੁਲੈਂਸ ਤੋਂ ਚੇਨਈ ਲਿਜਾਇਆ ਗਿਆ ਸੀ। 

ਹਸੀ ਤੋਂ ਇਲਾਵਾ ਆਈ. ਪੀ. ਐੱਲ. 2021 ਨਾਲ ਜੁੜੇ ਆਸਟਰੇਲੀਆ ਦੇ ਹੋਰ ਮੈਂਬਰ ਮਾਲਦੀਵ ’ਚ ਇਕਾਂਤਵਾਸ ’ਤੇ ਹਨ ਤੇ ਉੱਥੋਂ ਆਸਟਰੇਲੀਆ ਲਈ ਰਵਾਨਾ ਹੋਣਗੇ। ਇਨ੍ਹਾਂ ਮੈਂਬਰਾਂ ’ਚ ਪੈਟ ਕਮਿੰਸ, ਸਟੀਵ ਸਮਿਥ, ਡੇਵਿਡ ਵਾਰਨਰ ਤੇ ਮਾਈਕਲ ਸਲੇਟਰ ਵੀ ਸ਼ਾਮਲ ਹਨ। ਕੋਵਿਡ-19 ਪਾਜ਼ੇਟਿਵ ਪਾਏ ਜਾਣ ਦੇ ਬਾਅਦ ਹਸੀ ਆਪਣੇ ਸਾਥੀਆਂ ਨਾਲ ਮਾਲਦੀਵ ਨਹੀਂ ਜਾ ਸਕੇ ਸਨ। 


author

Tarsem Singh

Content Editor

Related News