IPL 2023 : ਰੋਮਾਂਚਕ ਮੁਕਾਬਲੇ ’ਚ ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ

05/01/2023 12:52:15 AM

ਮੁੰਬਈ (ਭਾਸ਼ਾ)–ਟਿਮ ਡੇਵਿਡ ਦੀਆਂ 14 ਗੇਂਦਾਂ ’ਚ 45 ਦੌੜਾਂ ਦੀ ਮਦਦ ਨਾਲ ਮੁੰਬਈ ਇੰਡੀਅਨਜ਼ ਨੇ ਯਸ਼ਸਵੀ ਜਾਇਸਵਾਲ ਦੇ ਸੈਂਕੜੇ ਨੂੰ ਬੇਨੂਰ ਕਰਦੇ ਹੋਏ ਆਈ. ਪੀ. ਐੱਲ. ਦੇ 1000ਵੇਂ ਮੈਚ ਵਿਚ 6 ਵਿਕਟਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਜਾਇਸਵਾਲ ਦੇ ਪਹਿਲੇ ਸੈਂਕੜੇ ਦੀ ਬਦੌਲਤ ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ’ਤੇ 212 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਜਾਇਸਵਾਲ ਨੇ 62 ਗੇਂਦਾਂ ’ਚ 16 ਚੌਕਿਆਂ ਤੇ 8 ਛੱਕਿਆਂ ਦੀ ਮਦਦ ਨਾਲ 124 ਦੌੜਾਂ ਦੀ ਪਾਰੀ ਖੇਡੀ। ਜਵਾਬ ਵਿਚ ਮੁੰਬਈ ਨੇ 3 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ ਗੁਆ ਕੇ 214 ਦੌੜਾਂ ਬਣਾਈਆਂ।
ਮੁੰਬਈ ਦੀ ਜਿੱਤ ਦੇ ਸ਼ਿਲਪਕਾਰ ਰਹੇ ਡੇਵਿਡ ਨੇ ਸਿਰਫ 14 ਗੇਂਦਾਂ ’ਚ 2 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 45 ਦੌੜਾਂ ਬਣਾਈਆਂ।

ਇਹ ਖ਼ਬਰ ਵੀ ਪੜ੍ਹੋ : ਬੈਂਕ ਕਰਮਚਾਰੀਆਂ ਦੀ ਨਹਿਰ ’ਚ ਡਿੱਗੀ ਕਾਰ, 3 ਪਾਣੀ ਦੇ ਵਹਾਅ ’ਚ ਰੁੜ੍ਹੇ

ਮੁੰਬਈ ਨੂੰ ਆਖਰੀ ਦੋ ਓਵਰਾਂ ’ਚ ਜਿੱਤ ਲਈ 32 ਦੌੜਾਂ ਦੀ ਲੋੜ ਸੀ। ਡੇਵਿਡ ਨੇ 19ਵੇਂ ਓਵਰ ਵਿਚ ਸੰਦੀਪ ਸ਼ਰਮਾ ਨੂੰ ਲਾਏ ਇਕ ਚੌਕੇ ਤੇ ਇਕ ਛੱਕੇ ਸਮੇਤ 15 ਦੌੜਾਂ ਬਣਾਈਆਂ। ਆਖਰੀ ਓਵਰ ’ਚ ਮੁੰਬਈ ਨੂੰ 17 ਦੌੜਾਂ ਦੀ ਲੋੜ ਸੀ ਤੇ ਡੇਵਿਡ ਨੇ ਜੈਸਨ ਹੋਲਡਰ ਦੀਆਂ ਪਹਿਲੀਆਂ ਤਿੰਨ ਗੇਂਦਾਂ ’ਤੇ 3 ਛੱਕੇ ਲਾ ਕੇ ਟੀਮ ਨੂੰ ਚਮਤਕਾਰੀ ਜਿੱਤ ਦਿਵਾਈ ਤੇ ਆਈ. ਪੀ. ਐੱਲ. ਦੇ ਇਸ 1000ਵੇਂ ਮੈਚ ਨੂੰ ਯਾਦਗਾਰ ਬਣਾ ਦਿੱਤਾ। ਇਸ ਤੋਂ ਪਹਿਲਾਂ ਸੂਰਯਕੁਮਾਰ ਯਾਦਵ ਨੇ 29 ਗੇਂਦਾਂ ’ਚ 55 ਦੌੜਾਂ ਬਣਾਈਆਂ, ਜਿਸ ਵਿਚ 8 ਚੌਕੇ ਤੇ 2 ਛੱਕੇ ਸ਼ਾਮਲ ਸਨ। ਕੈਮਰਨ ਗ੍ਰੀਨ ਨੇ 26 ਗੇਂਦਾਂ ’ਚ 44 ਦੌੜਾਂ ਤੇ ਤਿਲਕ ਵਰਮਾ ਨੇ 21 ਗੇਂਦਾਂ ’ਚ ਅਜੇਤੂ 29 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ (3) ਸਸਤੇ ਵਿਚ ਆਊਟ ਹੋ ਗਿਆ ਸੀ। ਰਾਜਸਥਾਨ ਦੀ ਪਾਰੀ ਦਾ ਖਿੱਚ ਦਾ ਕੇਂਦਰ ਜਾਇਸਵਾਲ ਰਿਹਾ, ਜਿਸ ਦੀਆਂ ਇਸ ਸੈਸ਼ਨ ਵਿਚ 400 ਤੋਂ ਵੱਧ ਦੌੜਾਂ ਹੋ ਗਈਆਂ ਹਨ ਤੇ ਉਸ ਨੇ ਇਸ ਸੈਸ਼ਨ ਦਾ ਬੈਸਟ ਸਕੋਰ ਵੀ ਬਣਾਇਆ।


Manoj

Content Editor

Related News