IPL 2024 : ਮੀਂਹ ਭਿੱਜੇ ਮੁਕਾਬਲੇ ''ਚ ਚਮਕੇ KKR ਦੇ ਬੱਲੇਬਾਜ਼, ਮੁੰਬਈ ਨੂੰ ਦਿੱਤਾ 158 ਦੌੜਾਂ ਦਾ ਟੀਚਾ
Saturday, May 11, 2024 - 10:59 PM (IST)
ਸਪੋਰਟਸ ਡੈਸਕ- ਕੋਲਕਾਤਾ ਦੇ ਈਡਨ ਗਾਰਡਨ ਵਿਖੇ ਖੇਡੇ ਜਾ ਰਹੇ ਮੀਂਹ ਭਿੱਜੇ ਮੁਕਾਬਲੇ 'ਚ ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 16 ਓਵਰਾਂ 'ਚ 7 ਵਿਕਟਾਂ ਗੁਆ ਕੇ 157 ਦੌੜਾਂ ਬਣਾ ਲਈਆਂ ਹਨ ਤੇ ਮੁੰਬਈ ਸਾਹਮਣੇ ਜਿੱਤ ਲਈ 158 ਦੌੜਾਂ ਦਾ ਟੀਚਾ ਰੱਖਿਆ ਹੈ। ਜ਼ਿਕਰਯੋਗ ਹੈ ਕਿ ਮੈਚ ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਇਆ ਸੀ, ਜਿਸ ਕਾਰਨ ਦੋਵੇਂ ਪਾਰੀਆਂ 16-16 ਓਵਰ ਦੀਆਂ ਹੋਣਗੀਆਂ।
ਇਸ ਤੋਂ ਪਹਿਲਾਂ ਮੁੰਬਈ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਕੋਲਕਾਤਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਹਾਲਾਂਕਿ ਇਸ ਮੈਚ ਦੇ ਨਤੀਜੇ ਦਾ ਦੋਵਾਂ ਟੀਮਾਂ 'ਤੇ ਕੋਈ ਜ਼ਿਆਦਾ ਫ਼ਰਕ ਨਹੀਂ ਪਵੇਗਾ। ਕੋਲਕਾਤਾ ਜਿੱਥੇ ਟੇਬਲ ਟਾਪਰ ਬਣੀ ਹੋਈ ਹੈ ਤੇ ਪਲੇਆਫ਼ 'ਚ ਐਂਟਰੀ ਦੀ ਦਹਿਲੀਜ਼ 'ਤੇ ਬੈਠੀ ਹੈ, ਉੱਥੇ ਹੀ ਮੁੰਬਈ ਪਲੇਆਫ਼ ਦੀ ਰੇਸ 'ਚੋਂ ਬਾਹਰ ਹੋ ਗਈ ਹੈ ਤੇ ਉਸ ਲਈ ਬਾਕੀ ਬਚੇ ਮੁਕਾਬਲੇ ਹੁਣ ਇੱਜ਼ਤ ਬਚਾਉਣ ਵਾਲੇ ਹਨ।
ਕੋਲਕਾਤਾ ਵੱਲੋਂ ਓਪਨਿੰਗ ਕਰਨ ਉਤਰੇ ਫਿਲ ਸਾਲਟ ਤੇ ਸੁਨੀਲ ਨਾਰਾਇਣ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਉਣ 'ਚ ਸਫ਼ਲ ਨਾ ਹੋ ਸਕੇ ਤੇ ਫਿਲ ਸਾਲਟ 6 ਦੌੜਾਂ ਬਣਾ ਕੇ ਨੁਵਾਨ ਤੁਸ਼ਾਰਾ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ, ਜਦਕਿ ਸੁਨੀਲ ਨਾਰਾਇਣ ਪਹਿਲੀ ਹੀ ਗੇਂਦ 'ਤੇ ਬੁਮਰਾਹ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਿਆ।
ਇਸ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਵੀ 10 ਗੇਂਦਾਂ 'ਚ 7 ਦੌੜਾਂ ਬਣਾ ਕੇ ਅੰਸ਼ੁਲ ਕੰਬੋਜ ਦੀ ਗੇਂਦ 'ਤੇ ਬੋਲਡ ਹੋ ਗਿਆ। ਵੈਂਕਟੇਸ਼ ਅਈਅਰ ਨੇ 21 ਗੇਂਦਾਂ 'ਚ 6 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 42 ਦੌੜਾਂ ਬਣਾਈਆਂ। ਉਹ ਮੁੰਬਈ ਦੇ ਸਪਿਨਰ ਪਿਯੁਸ਼ ਚਾਵਲਾ ਦੀ ਗੇਂਦ 'ਤੇ ਆਊਟ ਹੋਇਆ।
ਖੱਬੇ ਹੱਥ ਦੇ ਧਮਾਕੇਦਾਰ ਬੱਲੇਬਾਜ਼ ਨਿਤੀਸ਼ ਰਾਣਾ ਨੇ 23 ਗੇਂਦਾਂ 'ਚ 4 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 33 ਦੌੜਾਂ ਦਾ ਯੋਗਦਾਨ ਦਿੱਤਾ। ਆਂਦ੍ਰੇ ਰਸਲ ਨੇ ਵੀ 14 ਗੇਂਦਾਂ 'ਚ 24 ਦੌੜਾਂ ਦੀ ਪਾਰੀ ਖੇਡੀ। ਅੰਤ 'ਚ ਰਿੰਕੂ ਸਿੰਘ (20) ਤੇ ਰਮਨਦੀਪ ਸਿੰਘ (17) ਦੀਆਂ ਪਾਰੀਆਂ ਦੀ ਬਦੌਲਤ ਕੋਲਕਾਤਾ 150 ਦਾ ਅੰਕੜਾ ਪਾਰ ਕਰਨ 'ਚ ਸਫਲ ਹੋਈ ਤੇ ਟੀਮ ਨੇ 16 ਓਵਰਾਂ 'ਚ 7 ਵਿਕਟਾਂ ਗੁਆ ਕੇ 157 ਦੌੜਾਂ ਬਣਾਈਆਂ। ਮੁੰਬਈ ਨੂੰ ਹੁਣ ਜਿੱਤ ਲਈ 16 ਓਵਰਾਂ 'ਚ 158 ਦੌੜਾਂ ਬਣਾਉਣੀਆਂ ਪੈਣਗੀਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e