ਮੇਸੀ ਬਾਰਸੀਲੋਨਾ ਜ਼ਰੂਰੀ ਕੋਰੋਨਾ ਵਾਇਰਸ ਜਾਂਚ ਲਈ ਨਹੀਂ ਪਹੁੰਚੇ
Sunday, Aug 30, 2020 - 08:26 PM (IST)
ਮੈਡ੍ਰਿਡ- ਲਿਓਨਲ ਮੇਸੀ ਨੇ ਐਤਵਾਰ ਨੂੰ ਪੂਰੀ ਟੀਮ ਦੇ ਲਈ ਲਾਜ਼ਮੀ ਕੋਰੋਨਾ ਵਾਇਰਸ ਜਾਂਚ ਦੇ ਲਈ ਨਹੀਂ ਪਹੁੰਚ ਕੇ ਬਾਰਸੀਲੋਨਾ ਦੇ ਨਾਲ ਆਪਣਾ ਸੰਬੰਧ (ਰਿਸ਼ਤਾ) ਖਤਮ ਕਰਨ ਦਾ ਇਕ ਹੋਰ ਸੰਕੇਤ ਦਿੱਤਾ। ਬਾਰਸੀਲੋਨਾ ਨੇ ਕਿਹਾ ਕਿ ਮੇਸੀ ਇਕਲੌਤਾ ਖਿਡਾਰੀ ਹੈ ਜਿਸ ਦਾ ਕਲੱਬ ਦੇ ਟ੍ਰੇਨਿੰਗ ਸੈਂਟਰ 'ਚ ਟੈਸਟ ਨਹੀਂ ਹੋਇਆ। ਆਗਾਮੀ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਸੋਮਵਾਰ ਤੋਂ ਟ੍ਰੇਨਿੰਗ ਸ਼ੁਰੂ ਕਰਨ ਨੂੰ ਤਿਆਰ ਹੈ। ਕਲੱਬ ਨੇ ਮੇਸੀ ਨੂੰ ਜਲਦ ਛੱਡਣ ਲਈ ਗੱਲਬਾਤ ਨਹੀਂ ਕਰਨ ਦੇ ਆਪਣੇ ਪੱਖ ਨੂੰ ਫਿਰ ਦੁਹਰਾਇਆ ਤੇ ਕਿਹਾ ਕਿ ਜੇਕਰ ਕਲੱਬ ਅਗਲੇ ਸੈਸ਼ਨ ਤੋਂ ਅੱਗੇ ਉਸਦਾ ਇਕਰਾਰਨਾਮਾ ਵਧਾਉਣਾ ਚਾਹੁੰਦਾ ਹੈ ਤਾਂ ਪ੍ਰਧਾਨ ਜੋਸੇਪ ਬਾਰਟੋਮਯੂ ਹੀ ਖਿਡਾਰੀ ਦੇ ਨਾਲ ਗੱਲਬਾਤ ਕਰੇਗਾ। ਮੇਸੀ ਨੇ ਪਿਛਲੇ ਹਫਤੇ ਕਲੱਬ ਛੱਡਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਬਾਰਸੀਲੋਨਾ ਉਸ ਨੂੰ ਜੂਨ 2021 'ਚ ਖਤਮ ਹੋਣ ਵਾਲੇ ਇਕਰਾਰਨਾਮੇ ਦੇ ਸਮੇਂ ਤੱਕ ਟੀਮ 'ਚ ਰੱਖਣਾ ਚਾਹੁੰਦੀ ਹੈ।
ਕਲੱਬ ਨੇ ਇਹ ਵੀ ਕਿਹਾ ਕਿ ਉਹ ਕਿਸੇ ਹੋਰ ਟੀਮ ਨਾਲ ਸੰਭਾਵਤ ਤਬਾਦਲੇ ਦੀ ਗੱਲਬਾਤ ਵੀ ਨਹੀਂ ਕਰ ਰਿਹਾ ਹੈ। ਮੇਸੀ ਨੇ ਮੰਗਲਵਾਰ ਨੂੰ ਕਲੱਬ ਨੂੰ ਬੁਰੋਫੈਕਸ (ਟੈਲੀਗ੍ਰਾਮ ਵਲੋਂ ਪ੍ਰਮਾਣਿਤ ਦਸਤਾਵੇਜ਼) ਭੇਜ ਕੇ ਕਲੱਬ ਛੱਡਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ। ਉਨ੍ਹਾਂ ਨੇ ਇਕਰਾਰਨਾਮੇ ਦੇ ਅਧੀਨ ਹੋਣ ਦਾ ਹਵਾਲਾ ਦਿੱਤਾ ਜੋ ਉਸ ਨੂੰ ਮੁਫਤ 'ਚ ਸੈਸ਼ਨ ਦੇ ਆਖਰ ਤੱਕ ਕਲੱਬ ਨੂੰ ਛੱਡਣ ਦੀ ਆਗਿਆ ਦਿੰਦਾ ਹੈ, ਪਰ ਕਲੱਬ ਦਾ ਦਾਅਵਾ ਹੈ ਕਿ ਇਹ ਪਹਿਲਾਂ ਹੀ ਖਤਮ ਹੋ ਚੁੱਕਿਆ ਹੈ।