ਟੀ-20 ਵਿਸ਼ਵ ਕੱਪ ਲਈ ਮੈਕਗੁਰਕ ਤੇ ਸ਼ਾਰਟ ਹੋਣਗੇ ਆਸਟ੍ਰੇਲੀਆ ਦੇ ਰਿਜ਼ਰਵ ਖਿਡਾਰੀ

05/20/2024 8:59:52 PM

ਨਵੀਂ ਦਿੱਲੀ, (ਭਾਸ਼ਾ)– ਹਮਲਾਵਰ ਬੱਲੇਬਾਜ਼ ਜੈਕ ਫ੍ਰੇਜ਼ਰ ਮੈਕਗੁਰਕ ਤੇ ਮੈਥਿਊ ਸ਼ਾਰਟ 1 ਜੂਨ ਤੋਂ ਅਮਰੀਕਾ ਤੇ ਵੈਸਟਇੰਡੀਜ਼ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਸਟ੍ਰੇਲੀਆ ਦੇ ਰਿਜ਼ਰਵ ਖਿਡਾਰੀ ਹੋਣਗੇ। 22 ਸਾਲਾ ਮੈਕਗੁਰਕ ਨੇ ਆਈ. ਪੀ. ਐੱਲ. ਵਿਚ ਦਿੱਲੀ ਕੈਪੀਟਲਸ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਜੇ ਤਕ ਟੀ-20 ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਨਾ ਕਰ ਸਕੇ ਮੈਕਗੁਰਕ ਨੂੰ ਟੀ-20 ਵਿਸ਼ਵ ਕੱਪ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ ਕਿਉਂਕਿ ਆਸਟ੍ਰੇਲੀਆ ਕੋਲ ਟਾਪ-3 ਸਥਾਨਾਂ ਲਈ ਡੇਵਿਡ ਵਾਰਨਰ, ਟ੍ਰੈਵਿਸ ਹੈੱਡ ਤੇ ਕਪਤਾਨ ਮਿਸ਼ੇਲ ਮਾਰਸ਼ ਪਹਿਲਾਂ ਤੋਂ ਹੀ ਹਨ।

ਬੱਲੇਬਾਜ਼ੀ ਆਲਰਾਊਂਡਰ ਸ਼ਾਰਟ ਨੇ ਆਸਟ੍ਰੇਲੀਆ ਲਈ ਪਿਛਲੇ 14 ਵਿਚੋਂ 9 ਟੀ-20 ਮੈਚ ਖੇਡੇ ਹਨ। ਇਨ੍ਹਾਂ ਵਿਚੋਂ 5 ਵਿਚ ਉਸ ਨੇ ਪਾਰੀ ਦਾ ਆਗਾਜ਼ ਕੀਤਾ ਤੇ ਪਿਛਲੇ ਦੋ ਸੈਸ਼ਨਾਂ ਵਿਚ ਉਹ ਬਿੱਗ ਬੈਸ਼ ਲੀਗ ਵੀ ਖੇਡ ਚੁੱਕਾ ਹੈ। ਰਿਪੋਰਟਾਂ ਅਨੁਸਾਰ, ‘‘ਆਸਟ੍ਰੇਲੀਆ ਦੇ ਮੁੱਖ ਚੋਣਕਾਰ ਜਾਰਜ ਬੈਲੀ ਨੇ ਸੁਝਾਅ ਦਿੱਤਾ ਸੀ ਕਿ ਵਿਸ਼ਵ ਕੱਪ ਵਿਚ ਇਕ ਰਿਜ਼ਰਵ ਨਾਲ ਲੈ ਕੇ ਜਾਵਾਂਗੇ ਪਰ ਹੁਣ ਉਹ ਸ਼ਾਰਟ ਦੇ ਨਾਲ ਫ੍ਰੇਜ਼ਰ ਮੈਕਗੁਰਕ ਨੂੰ ਵੀ ਲਿਜਾ ਰਹੇ ਹਨ।’’

ਆਸਟ੍ਰੇਲੀਅਨ ਟੀਮ ਵੀਰਵਾਰ ਨੂੰ ਵੈਸਟਇੰਡੀਜ਼ ਰਵਾਨਾ ਹੋਵੇਗੀ। ਉਸ ਨੂੰ ਤ੍ਰਿਨੀਦਾਦ ਵਿਚ 28 ਤੇ 30 ਮਈ ਨੂੰ ਨਾਮੀਬੀਆ ਤੇ ਵੈਸਟਇੰਡੀਜ਼ ਵਿਰੁੱਧ 2 ਅਭਿਆਸ ਮੈਚ ਖੇਡਣੇ ਹਨ। ਹੈੱਡ, ਕੈਮਰਨ ਗ੍ਰੀਨ, ਪੈਟ ਕਮਿੰਸ, ਮਿਸ਼ੇਲ ਸਟਾਰਕ ਤੇ ਗਲੇਨ ਮੈਕਸਵੈੱਲ ਆਈ. ਪੀ. ਐੱਲ. ਪਲੇਅ ਆਫ ਖੇਡਣ ਤੋਂ ਬਾਅਦ ਟੀਮ ਨਾਲ ਜੁੜਨਗੇ। ਆਸਟ੍ਰੇਲੀਆ ਨੂੰ 5 ਜੂਨ ਨੂੰ ਬਾਰਬਾਡੋਸ ਵਿਚ ਓਮਾਨ ਵਿਰੁੱਧ ਪਹਿਲਾ ਮੈਚ ਖੇਡਣਾ ਹੈ।
 


Tarsem Singh

Content Editor

Related News