ਮਾਇਆਵਤੀ ਨੇ ਅਸ਼ੋਕ ਸਿੱਧਾਰਥ ਨੂੰ ਸੌਂਪਿਆ 4 ਸੂਬਿਆਂ ਦਾ ਜ਼ਿੰਮਾ
Sunday, Sep 14, 2025 - 11:03 PM (IST)

ਲਖਨਊ (ਭਾਸ਼ਾ)-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਆਪਣੇ ਕੁੜਮ ਅਸ਼ੋਕ ਸਿੱਧਾਰਥ ਨੂੰ ਪਾਰਟੀ ’ਚ ਵਾਪਸੀ ਤੋਂ ਬਾਅਦ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਸਿੱਧਾਰਥ ਨੂੰ ਕੇਂਦਰੀ ਕੋ-ਆਰਡੀਨੇਟਰ ਬਣਾ ਕੇ ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ ਅਤੇ ਜੰਮੂ-ਕਸ਼ਮੀਰ ’ਚ ਸੰਗਠਨ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਨ੍ਹਾਂ ਸੂਬਿਆਂ ਦਾ ਚਾਰਜ ਰਣਧੀਰ ਸਿੰਘ ਬੈਨੀਵਾਲ ਸੰਭਾਲ ਰਹੇ ਸਨ, ਜਿਨ੍ਹਾਂ ਨੂੰ ਹੁਣ ਸੈਕਟਰ-4 ਦਾ ਕੇਂਦਰੀ ਕੋ-ਆਰਡੀਨੇਟਰ ਬਣਾਇਆ ਗਿਆ ਹੈ।
ਉੱਥੇ ਹੀ, ਡਾ. ਲਾਲਜੀ ਮੇਧਾਂਕਰ ਨੂੰ ਸੈਕਟਰ-5 ਅਤੇ ਸਾਬਕਾ ਵਿਧਾਇਕ ਅਤਰ ਸਿੰਘ ਰਾਓ ਨੂੰ ਸੈਕਟਰ-6 ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੈਕਟਰ-1 ’ਚ ਸਾਬਕਾ ਸੰਸਦ ਮੈਂਬਰ ਰਾਮਜੀ ਗੌਤਮ ਅਤੇ ਸੈਕਟਰ-2 ’ਚ ਸਾਬਕਾ ਸੰਸਦ ਮੈਂਬਰ ਰਾਜਾਰਾਮ ਦੀ ਜ਼ਿੰਮੇਵਾਰੀ ਬਰਕਰਾਰ ਰਹੇਗੀ।
ਬਸਪਾ ਸੁਪਰੀਮੋ ਨੇ ਜਥੇਬੰਦਕ ਢਾਂਚੇ ਨੂੰ 6 ਸੈਕਟਰਾਂ ’ਚ ਵੰਡਿਆ ਹੈ ਅਤੇ ਹਰ ਸੈਕਟਰ ਦੇ ਕੰਮ ਦੀ ਸਮੀਖਿਆ ਰਾਸ਼ਟਰੀ ਕਨਵੀਨਰ ਆਕਾਸ਼ ਆਨੰਦ ਕਰਨਗੇ। ਇਸ ਦਰਮਿਆਨ ਪਾਰਟੀ ਸੰਸਥਾਪਕ ਕਾਂਸ਼ੀਰਾਮ ਦੀ 9 ਅਕਤੂਬਰ ਨੂੰ ਬਰਸੀ ’ਤੇ ਲਖਨਊ ’ਚ ਵੱਡੇ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਮਾਇਆਵਤੀ ਨੇ ਅਹੁਦੇਦਾਰਾਂ ਨਾਲ ਬੈਠਕ ਕਰ ਕੇ ਇਸ ਨੂੰ ਸਫਲ ਬਣਾਉਣ ਦੇ ਹੁਕਮ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਬਸਪਾ ਇਸ ਮੌਕੇ ਭਾਰੀ ਇਕੱਠ ਕਰ ਕੇ ਆਪਣੀ ਤਾਕਤ ਦਿਖਾਉਣਾ ਚਾਹੁੰਦੀ ਹੈ ਅਤੇ ਪੰਚਾਇਤ ਚੋਣਾਂ ਰਾਹੀਂ 2027 ਦੀਆਂ ਵਿਧਾਨ ਸਭਾ ਚੋਣ ਦੀ ਤਿਆਰੀ ਦਾ ਸੁਨੇਹਾ ਦੇਣ ਦੀ ਰਣਨੀਤੀ ਬਣਾ ਰਹੀ ਹੈ।