ਅਨੁਸ਼ਕਾ ਨੂੰ ‘ਮੈਮ’ ਨਹੀਂ ‘ਭਾਬੀ’ ਕਹੋ... ਹਰਸ਼ਿਤ ਰਾਣਾ ਨੇ ਸੁਣਾਇਆ ਵਿਰਾਟ ਕੋਹਲੀ ਦਾ ਮਜ਼ੇਦਾਰ ਕਿੱਸਾ

Monday, Jan 19, 2026 - 05:37 PM (IST)

ਅਨੁਸ਼ਕਾ ਨੂੰ ‘ਮੈਮ’ ਨਹੀਂ ‘ਭਾਬੀ’ ਕਹੋ... ਹਰਸ਼ਿਤ ਰਾਣਾ ਨੇ ਸੁਣਾਇਆ ਵਿਰਾਟ ਕੋਹਲੀ ਦਾ ਮਜ਼ੇਦਾਰ ਕਿੱਸਾ

ਨਵੀਂ ਦਿੱਲੀ : ਭਾਰਤੀ ਟੀਮ ਦੇ ਉੱਭਰ ਰਹੇ ਤੇਜ਼ ਗੇਂਦਬਾਜ਼ ਅਤੇ ਆਲਰਾਊਂਡਰ ਹਰਸ਼ਿਤ ਰਾਣਾ ਨੇ ਹਾਲ ਹੀ ਵਿੱਚ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਜੁੜਿਆ ਇੱਕ ਬੇਹੱਦ ਦਿਲਚਸਪ ਅਤੇ ਮਜ਼ੇਦਾਰ ਕਿੱਸਾ ਸਾਂਝਾ ਕੀਤਾ ਹੈ। ਰਾਣਾ ਨੇ ਦੱਸਿਆ ਕਿ ਕਿਵੇਂ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਅਨੁਸ਼ਕਾ ਸ਼ਰਮਾ ਨੂੰ ਸੰਬੋਧਨ ਕਰਨ ਦੇ ਤਰੀਕੇ 'ਤੇ ਟੋਕਿਆ ਸੀ।

‘ਮੈਮ’ ਕਹਿਣ 'ਤੇ ਵਿਰਾਟ ਨੇ ਲਾਈ ‘ਝਾੜ’ 
ਇੱਕ ਇੰਟਰਵਿਊ ਦੌਰਾਨ ਹਰਸ਼ਿਤ ਰਾਣਾ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਅਨੁਸ਼ਕਾ ਸ਼ਰਮਾ ਨੂੰ ਮਿਲੇ, ਤਾਂ ਉਨ੍ਹਾਂ ਨੇ ਸਤਿਕਾਰ ਵਜੋਂ ਉਨ੍ਹਾਂ ਨੂੰ ‘ਮੈਮ’ ਕਹਿ ਕੇ ਬੁਲਾਇਆ। ਇਹ ਸੁਣਦਿਆਂ ਹੀ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਤੁਰੰਤ ਟੋਕ ਦਿੱਤਾ ਅਤੇ ਕਿਹਾ ਕਿ ਉਹ ਅਨੁਸ਼ਕਾ ਨੂੰ ‘ਮੈਮ’ ਨਾ ਕਹਿਣ, ਸਗੋਂ ‘ਭਾਬੀ’ ਕਹਿ ਕੇ ਬੁਲਾਉਣ।

ਰਾਣਾ ਨੇ ਅੱਗੇ ਦੱਸਿਆ ਕਿ ਵਿਰਾਟ ਨੇ ਮਜ਼ਾਕੀਆ ਲਹਿਜੇ ਵਿੱਚ ਅਨੁਸ਼ਕਾ ਨੂੰ ਕਿਹਾ, “ਇਹ ਮੁੰਡਾ ਬਾਹਰ ਮੇਰੇ ਉੱਪਰ ਸ਼ੈਂਪੇਨ ਸੁੱਟ ਰਿਹਾ ਸੀ ਅਤੇ ਹੁਣ ਤੁਹਾਨੂੰ ‘ਮੈਮ’ ਕਹਿ ਰਿਹਾ ਹੈ”। ਜ਼ਿਕਰਯੋਗ ਹੈ ਕਿ ਇਹ ਕਿੱਸਾ ਚੈਂਪੀਅਨਜ਼ ਟਰਾਫੀ ਦੀ ਜਿੱਤ ਤੋਂ ਬਾਅਦ ਡਰੈਸਿੰਗ ਰੂਮ ਦਾ ਹੈ।

ਵਿਰਾਟ ਅਤੇ ਹਾਰਦਿਕ ਬਾਰੇ ਬਦਲੀ ਸੋਚ 
ਹਰਸ਼ਿਤ ਰਾਣਾ ਨੇ ਇਹ ਵੀ ਸਵੀਕਾਰ ਕੀਤਾ ਕਿ ਭਾਰਤੀ ਟੀਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਵਿਰਾਟ ਕੋਹਲੀ ਅਤੇ ਹਾਰਦਿਕ ਪੰਡਿਆ ਬਾਰੇ ਰਾਏ ਕੁਝ ਵੱਖਰੀ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਦੋਵੇਂ ਖਿਡਾਰੀ ਮੈਦਾਨ 'ਤੇ ਬਹੁਤ ਹਮਲਾਵਰ ਹੁੰਦੇ ਹਨ ਅਤੇ ਸ਼ਾਇਦ ਸਾਰਿਆਂ ਨੂੰ ਡਰਾਉਂਦੇ ਹੋਣਗੇ, ਪਰ ਅਸਲ ਜ਼ਿੰਦਗੀ ਵਿੱਚ ਉਹ ਬਹੁਤ ਹੀ ਮਜ਼ਾਕੀਆ ਅਤੇ ਦਿਲਚਸਪ ਇਨਸਾਨ ਨਿਕਲੇ।

ਨਿਊਜ਼ੀਲੈਂਡ ਵਿਰੁੱਧ ਹਾਰ ਦੇ ਬਾਵਜੂਦ ਚਮਕੇ ਰਾਣਾ
ਭਾਰਤੀ ਟੀਮ ਨੂੰ ਨਿਊਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਿਊਜ਼ੀਲੈਂਡ ਨੇ ਪਹਿਲੀ ਵਾਰ ਭਾਰਤੀ ਸਰਜ਼ਮੀਨ 'ਤੇ ਵਨਡੇ ਸੀਰੀਜ਼ ਜਿੱਤ ਕੇ ਇਤਿਹਾਸ ਰਚਿਆ ਹੈ। ਇਸ ਸੀਰੀਜ਼ ਦੇ ਆਖਰੀ ਮੈਚ ਵਿੱਚ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜਾ ਜੜਿਆ ਸੀ ਅਤੇ ਹਰਸ਼ਿਤ ਰਾਣਾ ਨੇ ਵੀ ਅਰਧ-ਸੈਂਕੜਾ ਲਗਾਇਆ ਸੀ, ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।

ਹਰਸ਼ਿਤ ਰਾਣਾ ਹੁਣ ਭਾਰਤ ਲਈ ਤਿੰਨੋਂ ਫਾਰਮੈਟਾਂ ਵਿੱਚ ਖੇਡ ਰਹੇ ਹਨ ਅਤੇ ਗੌਤਮ ਗੰਭੀਰ ਦੇ ਭਰੋਸੇ 'ਤੇ ਖਰੇ ਉਤਰਦਿਆਂ ਇੱਕ ਭਰੋਸੇਮੰਦ ਆਲਰਾਊਂਡਰ ਵਜੋਂ ਉੱਭਰ ਰਹੇ ਹਨ।


author

Tarsem Singh

Content Editor

Related News