ਮਾਰਕ੍ਰਮ ਤੇ ਲਿੰਡੇ ਨੇ ਦੱਖਣੀ ਅਫਰੀਕਾ ਨੂੰ ਦਿਵਾਈ ਵੱਡੀ ਜਿੱਤ
Thursday, Jan 29, 2026 - 10:04 AM (IST)
ਪਾਰਲ (ਦੱਖਣੀ ਅਫਰੀਕਾ)- ਕਪਤਾਨ ਐਡਨ ਮਾਰਕ੍ਰਮ ਦੀਆਂ 47 ਗੇਂਦਾਂ ’ਤੇ ਅਜੇਤੂ 86 ਦੌੜਾਂ ਦੀ ਪਾਰੀ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਇੱਥੇ ਖੇਡੇ ਗਏ 3 ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਦੇ ਪਹਿਲੇ ਮੈਚ ’ਚ ਵੈਸਟਇੰਡੀਜ਼ ਨੂੰ 9 ਵਿਕਟਾਂ ਨਾਲ ਹਰਾ ਦਿੱਤਾ।
ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ’ਤੇ 173 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੇ 17.5 ਓਵਰਾਂ ’ਚ 1 ਵਿਕਟ ’ਤੇ 176 ਦੌੜਾਂ ਬਣਾ ਕੇ 13 ਗੇਂਦਾਂ ਬਾਕੀ ਰਹਿੰਦਿਆਂ ਹੀ ਜਿੱਤ ਹਾਸਲ ਕਰ ਲਈ। ਮਾਰਕ੍ਰਮ ਨੇ ਆਪਣੀ ਪਾਰੀ ’ਚ 9 ਚੌਕੇ ਤੇ 3 ਛੱਕੇ ਲਗਾਏ। ਉਸ ਨੇ ਲੁਆਨ-ਡ੍ਰੇ ਪ੍ਰਿਟੋਰੀਅਸ (44) ਦੇ ਨਾਲ ਪਹਿਲੀ ਵਿਕਟ ਲਈ 83 ਦੌੜਾਂ ਜੋੜੀਆਂ ਤੇ ਰਿਆਨ ਰਿਕਲਟਨ (ਅਜੇਤੂ 40) ਦੇ ਨਾਲ ਦੂਜੀ ਵਿਕਟ ਲਈ 93 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।
ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਸਪਿੰਨਰ ਜਾਰਜ ਲਿੰਡੇ ਨੇ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ ਤੇ ਉਸ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਉਸ ਤੋਂ ਇਲਾਵਾ ਕੇਸ਼ਵ ਮਹਾਰਾਜ ਤੇ ਕਾਰਬਿਨ ਬੌਸ਼ ਨੇ 2-2 ਵਿਕਟਾਂ ਲਈਆਂ। ਵੈਸਟਇੰਡੀਜ਼ ਵੱਲੋਂ ਸ਼ਿਮਰੋਨ ਹੈੱਟਮਾਇਰ ਨੇ 32 ਗੇਂਦਾਂ ’ਚ 48 ਦੌੜਾਂ ਬਣਾਈਆਂ, ਜਿਸ ’ਚ 4 ਚੌਕੇ ਤੇ 3 ਛੱਕੇ ਸ਼ਾਮਲ ਹਨ। ਹੈੱਟਮਾਇਰ ਤੇ ਰੋਵਮੈਨ ਪਾਵੇਲ (ਅਜੇਤੂ 29) ਨੇ 6ਵੀਂ ਵਿਕਟ ਲਈ 74 ਦੌੜਾਂ ਦੀ ਸਾਂਝੇਦਾਰੀ ਕੀਤੀ। ਦੂਜਾ ਮੈਚ ਵੀਰਵਾਰ ਨੂੰ ਸੈਂਚੂਰੀਅਨ ’ਚ ਖੇਡਿਆ ਜਾਵੇਗਾ।
