ਘਰੇਲੂ ਕ੍ਰਿਕਟ ਦੇ ਕਿੰਗ ਨੇ ਡੈਬਿਊ ਟੈਸਟ 'ਚ ਲਾਇਆ ਅਰਧ ਸੈਂਕੜਾ
Wednesday, Dec 26, 2018 - 12:26 PM (IST)

ਮੈਲਬੋਰਨ— ਭਾਰਤ ਅਤੇ ਆਸਟਰੇਲੀਆ ਵਿਚਾਲੇ ਮੈਲਬੋਰਨ 'ਚ ਬਾਕਸਿੰਗ ਡੇ ਟੈਸਟ 'ਚ ਭਾਰਤ ਵੱਲੋਂ ਮਯੰਕ ਅਗਰਵਾਲ ਨੇ ਡੈਬਿਊ ਕੀਤਾ ਹੈ। 27 ਸਾਲਾ ਦੇ ਇਸ ਬੱਲੇਬਾਜ਼ ਨੇ ਮੌਕੇ ਦਾ ਪੂਰਾ ਲਾਹਾ ਲੈਂਦੇ ਹੋਏ ਖੁਦ ਨੂੰ ਸਾਬਤ ਕੀਤਾ ਅਤੇ ਅਰਧ ਸੈਂਕੜਾ ਲਾਇਆ। ਅਗਰਵਾਲ ਮੈਲਬੋਰਨ ਕ੍ਰਿਕਟ ਗਰਾਊਂਡ 'ਚ ਡੈਬਿਊ ਕਰਨ ਵਾਲੇ ਦੁਨੀਆ ਦੇ ਪਹਿਲੇ ਓਪਨਰ ਹਨ। ਜੇਕਰ ਆਸਟਰੇਲੀਆ 'ਚ ਡੈਬਿਊ ਦੀ ਗੱਲ ਕਰੀਏ ਤਾਂ ਉਹ ਆਮਿਰ ਇਲਾਹੀ ਦੇ ਬਾਅਦ ਡੈਬਿਊ ਕਰਨ ਵਾਲੇ ਦੂਜੇ ਭਾਰਤੀ ਓਪਨਰ ਹਨ।
ਘਰੇਲੂ ਕ੍ਰਿਕਟ ਦੇ ਕਿੰਗ
27 ਸਾਲ ਦੇ ਮਯੰਕ ਅਗਰਵਾਲ ਲੰਬੇ ਸਮੇਂ ਤੋਂ ਭਾਰਤੀ ਟੀਮ 'ਚ ਆਪਣੀ ਜਗ੍ਹਾ ਭਾਲ ਰਹੇ ਸਨ। ਹਾਲਾਂਕਿ ਇਸ ਦੌਰਾਨ ਉਹ ਲਗਾਤਾਰ ਘਰੇਲੂ ਕ੍ਰਿਕਟ 'ਚ ਦੌੜਾਂ ਬਣਾਉਂਦੇ ਰਹੇ। ਉਨ੍ਹਾਂ ਨੇ ਕਰਨਾਟਕ ਦੇ ਲਈ 46 ਫਰਸਟ ਕਲਾਸ ਮੈਚ ਅਤੇ 75 ਲਿਸਟ ਏ ਮੈਚ ਖੇਡੇ ਹਨ ਅਤੇ ਦੋਹਾਂ 'ਚ 50 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਪਿਛਲੇ ਸਾਲ ਨਵੰਬਰ 'ਚ ਉਨ੍ਹਾਂ ਮਹਾਰਾਸ਼ਟਰ ਦੇ ਖਿਲਾਫ ਆਪਣਾ ਇਕਲੌਤਾ ਤੀਹਰਾ ਸੈਂਕੜਾ ਜੜਿਆ ਸੀ। ਮਯੰਕ ਨੇ 2017-18 ਦੀ ਵਿਜੇ ਟਰਾਫੀ 'ਚ ਅੱਠ ਮੈਚਾਂ 'ਚ 723 ਦੌੜਾਂ ਬਣਾ ਕੇ ਸਚਿਨ ਤੇਂਦੁਲਕਰ ਦਾ ਇਕ ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਤੋੜ ਦਿੱਤਾ ਸੀ। ਉਸੇ ਸਾਲ ਉਹ ਰਣਜੀ 'ਚ ਵੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਨ੍ਹਾਂ ਦੇ ਇਸ ਪ੍ਰਦਰਸ਼ਨ ਦੇ ਬਾਅਦ ਉਨ੍ਹਾਂ ਨੂੰ ਭਾਰਤੀ ਟੀਮ 'ਚ ਜਗ੍ਹਾ ਦਿੱਤੀ ਗਈ ਹੈ।