ਮੈਕਸਵੈੱਲ ਮੁੰਬਈ ਖ਼ਿਲਾਫ਼ 9 ਅਪ੍ਰੈਲ ਦੇ ਮੈਚ ਲਈ ਰਹਿਣਗੇ ਉਪਲੱਬਧ : RCB ਕੋਚ ਹੇਸਨ
Tuesday, Apr 05, 2022 - 12:31 PM (IST)

ਮੁੰਬਈ (ਭਾਸ਼ਾ)- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਮੁੱਖ ਕੋਚ ਮਾਈਕ ਹੇਸਨ ਨੇ ਕਿਹਾ ਕਿ ਆਸਟਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ 9 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ ਹੋਣ ਵਾਲੇ ਮੈਚ ਲਈ ਉਪਲੱਬਧ ਹੋਣਗੇ। ਲਾਜ਼ਮੀ ਆਈਸੋਲੇਸ਼ਨ ਨੂੰ ਪੂਰਾ ਕਰਨ ਤੋਂ ਬਾਅਦ ਟੀਮ ਵਿਚ ਸ਼ਾਮਲ ਹੋਣ ਦੇ ਬਾਵਜੂਦ ਮੈਕਸਵੈੱਲ ਕ੍ਰਿਕੇਟ ਆਸਟਰੇਲੀਆ ਦੇ ਆਪਣੇ ਇਕਰਾਰਨਾਮੇ ਵਾਲੇ ਖਿਡਾਰੀਆਂ ਲਈ ਨਿਰਧਾਰਤ ਸ਼ਰਤਾਂ ਕਾਰਨ ਮੰਗਲਵਾਰ ਨੂੰ ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਮੈਚ ਵਿਚ ਨਹੀਂ ਸਕਣਗੇ।
ਮੈਕਸਵੈੱਲ ਪਾਕਿਸਤਾਨ ਦੇ ਦੌਰੇ 'ਤੇ ਗਈ ਆਸਟਰੇਲੀਆਈ ਟੀਮ ਦਾ ਹਿੱਸਾ ਨਹੀਂ ਸੀ ਪਰ ਉਨ੍ਹਾਂ ਨੂੰ ਮੌਜੂਦਾ ਆਈ.ਪੀ.ਐੱਲ. ਸੀਜ਼ਨ ਵਿਚ ਖੇਡਣ ਲਈ 6 ਅਪ੍ਰੈਲ ਤੱਕ ਇੰਤਜ਼ਾਰ ਕਰਨਾ ਹੋਵੇਗਾ। ਹੇਸਨ ਨੇ ਆਰ.ਸੀ.ਬੀ. ਦੇ ਅਧਿਕਾਰਤ ਟਵਿੱਟਰ ਪੇਜ 'ਤੇ ਕਿਹਾ, ''ਕ੍ਰਿਕਟ ਆਸਟਰੇਲੀਆ ਦਾ ਸਪੱਸ਼ਟ ਤੌਰ 'ਤੇ ਕਹਿਣਾ ਹੈ ਕਿ ਕੋਈ ਵੀ ਕਰਾਰ ਵਾਲਾ ਖਿਡਾਰੀ 6 ਅਪ੍ਰੈਲ ਤੋਂ ਪਹਿਲਾਂ ਖੇਡਣ ਲਈ ਉਪਲਬਧ ਨਹੀਂ ਰਹੇਗਾ।
ਇਸ ਲਈ ਉਹ ਕਦੋਂ ਪਹੁੰਚਦੇ ਹਨ, ਇਹ ਮਾਇਨੇ ਨਹੀਂ ਰੱਖਦਾ, ਕਿਉਂਕਿ ਉਹ 6 ਅਪ੍ਰੈਲ ਤੋਂ ਪਹਿਲਾਂ ਨਹੀਂ ਖੇਡ ਸਕਣਗੇ।' ਉਨ੍ਹਾਂ ਕਿਹਾ, 'ਕਿਸੇ ਹੋਰ ਟੀਮ ਵਾਂਗ ਅਸੀਂ ਵੀ ਇਸ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਅਸੀਂ ਉਸ ਮੁਤਾਬਕ ਯੋਜਨਾ ਬਣਾਈ ਹੈ। ਮੈਕਸੀ (ਮੈਕਸਵੈੱਲ) ਸਾਡੇ ਲਈ 9 ਅਪ੍ਰੈਲ ਤੋਂ ਉਪਲਬਧ ਰਹਿਣਗੇ।' ਆਰ.ਸੀ.ਬੀ. ਨੇ ਇਸ ਸੀਜ਼ਨ ਵਿਚ ਹੁਣ ਤੱਕ 2 ਮੈਚ ਖੇਡੇ ਹਨ, ਜਿਸ ਵਿਚ ਉਸ ਨੇ 1 ਜਿੱਤਿਆ ਹੈ ਅਤੇ 1 ਹਾਰਿਆ ਹੈ।