ਭਾਰਤ ਦੌਰੇ ਉੱਤੇ ਮੈਕਸਵੈੱਲ, ਮਾਰਸ਼ ਦੀ ਵਨ-ਡੇ ਟੀਮ ਵਿਚ ਵਾਪਸੀ
Friday, Feb 24, 2023 - 06:53 PM (IST)
ਮੈਲਬੋਰਨ- ਆਸਟਰੇਲੀਆ ਨੇ ਭਾਰਤ ਵਿਰੁੱਧ ਮਾਰਚ ਵਿਚ ਹੋਣ ਵਾਲੀ 3 ਮੈਚਾਂ ਦੀ ਵਨ-ਡੇ ਸੀਰੀਜ਼ ਲਈ ਆਲਰਾਊਂਡਰ ਗਲੇਨ ਮੈਕਸਵੈੱਲ ਅਤੇ ਮਿਚੇਲ ਮਾਰਸ਼ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮਾਰਸ਼ ਨੂੰ ਅੱਡੀ ਦੀ ਸਰਜਰੀ ਕਾਰਨ 3 ਮਹੀਨਿਆਂ ਲਈ ਕ੍ਰਿਕਟ ਤੋਂ ਦੂਰ ਕਰ ਦਿੱਤਾ ਗਿਆ ਸੀ, ਜਦੋਂਕਿ ਮੈਕਸਵੈੱਲ ਨਵੰਬਰ ਵਿਚ ਇਕ ਦੋਸਤ ਦੇ ਜਨਮਦਿਨ ਦੀ ਪਾਰਟੀ ਵਿਚ ਆਪਣਾ ਪੈਰ ਫਰੈਕਚਰ ਕਰਵਾ ਬੈਠੇ ਸਨ।
ਮੈਕਸਵੈੱਲ ਆਪਣੀ ਸਰਜਰੀ ਅਤੇ ਰਿਹੈਬ ’ਚੋਂ ਲੋਘਣ ਤੋਂ ਬਾਅਦ ਫਿਲਹਾਲ ਘਰੇਲੂ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਵਿਕਟੋਰੀਆ ਲਈ ਖੇਡ ਰਹੇ ਹਨ, ਜਦੋਂਕਿ ਮਾਰਸ਼ ਇਸ ਹਫਤਾਵਾਰੀ ਲਿਸਟ-ਏ ਕ੍ਰਿਕਟ ਵਿਚ ਪੱਛਮੀ ਆਸਟਰੇਲੀਆ ਲਈ ਖੇਡ ਸਕਦੇ ਹਨ। ਦੋਵੇਂ ਖਿਡਾਰੀ ਆਸਟਰੇਲੀਆ ਅਤੇ ਭਾਰਤ ’ਚ ਜਾਰੀ ਟੈਸਟ ਸੀਰੀਜ਼ ਦੀ ਸਮਾਪਤੀ ਤੋਂ ਬਾਅਦ ਮੁੰਬਈ (17 ਮਾਰਚ), ਵਿਸ਼ਾਖਾਪੱਟਨਮ (19 ਮਾਰਚ) ਅਤੇ ਚੇਨਈ (22 ਮਾਰਚ) ਵਿਚ ਹੋਣ ਵਾਲੇ ਵਨ-ਡੇ ਮੁਕਾਬਲਿਆਂ ਜ਼ਰੀਏ ਅੰਤਰਰਾਸ਼ਟਰੀ ਪੱਧਰ ਉੱਤੇ ਵਾਪਸੀ ਕਰਨਗੇ।
ਆਸਟਰੇਲੀਆ ਵਨ-ਡੇ ਟੀਮ
ਪੈਟ ਕਮਿੰਸ (ਕਪਤਾਨ), ਸ਼ਾਨ ਏਬਾਟ, ਏਸ਼ਟਨ ਐਗਰ, ਅਲੈਕਸ ਕੈਰੀ, ਕੈਮਰਨ ਗਰੀਨ, ਟਰੈਵਿਸ ਹੈੱਡ, ਜਾਸ਼ ਇੰਗਲਿਸ, ਮਾਰਨਸ ਲਾਬੁਸ਼ੇਨ, ਮਿਚੇਲ ਮਾਰਸ਼, ਗਲੇਨ ਮੈਕਸਵੈੱਲ, ਝੇ ਰਿਚਡਰਸਨ, ਸਟੀਵਨ ਸਮਿਥ, ਮਿਸ਼ੇਲ ਸਟਾਰਕ, ਮਾਕਰਸ ਸਟਾਈਨਿਸ, ਡੇਵਿਡ ਵਾਰਨਰ, ਐਡਮ ਜੰਪਾ।