LIVE ਮੈਚ ''ਚ ਇਸ ਤਰ੍ਹਾਂ ਸੱਟੇਬਾਜ਼ਾਂ ਨੂੰ ਇਸ਼ਾਰਾ ਕਰਦੇ ਹਨ ਖਿਡਾਰੀ, ਕਦੇ ਬੱਲਾ ਤਾਂ ਕਦੇ ਬਾਂਹ ਬਣਦੀ ਹੈ ਸਹਾਰਾ

10/31/2019 1:02:00 PM

ਨਵੀਂ ਦਿੱਲੀ : ਮੈਚ ਫਿਕਸਿੰਗ ਦਾ ਕਾਲਾ ਸਾਇਆ ਮੌਜੂਦਾ ਕ੍ਰਿਕਟ ਜਗਤ 'ਤੇ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਰੋਜ਼ਾਨਾ ਇਸ ਨੂੰ ਲੈ ਕੇ ਕੋਈ ਨਾ ਕੋਈ ਖਬਰ ਸੁਣਨ ਨੂੰ ਮਿਲਦੀ ਹੀ ਰਹਿੰਦੀ ਹੈ। ਹਾਲ ਹੀ 'ਚ ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ 'ਤੇ ਵੀ ਬੁਕੀ ਨਾਲ ਸਪੰਰਕ ਰੱਖਣ ਅਤੇ ਜਾਣਕਾਰੀ ਲੁਕਾਉਣ ਕਾਰਨ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰੀਸ਼ਦ) ਵੱਲੋਂ 2 ਸਾਲ ਦੀ ਪਾਬੰਦੀ ਲਗਾਈ ਗਈ ਹੈ। ਇੰਨਾ ਹੀ ਨਹੀਂ ਕਰਨਾਟਕ ਪ੍ਰੀਮੀਅਰ ਲੀਗ ਵਿਚ ਵੀ ਫਿਕਸਿੰਗ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਇਸ ਦੇ ਤਹਿਤ ਹੁਣ ਲਾਈਵ ਮੈਚ ਵਿਚ ਕ੍ਰਿਕਟਰਾਂ ਅਤੇ ਬੁਕੀਆਂ ਵਿਚਾਲੇ ਇਸ਼ਾਰਿਆਂ ਨਾਲ ਗੱਲ ਕਰਨ ਦੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਖਿਡਾਰੀ ਮੈਦਾਨ 'ਤੇ ਲਾਈਵ ਮੈਚ ਦੌਰਾਨ ਕਿਵੇਂ ਬੁਕੀ ਨੂੰ ਸਿਗਨਲ ਦਿੰਦੇ ਹਨ।

ਕਰਨਾਟਕ ਪ੍ਰੀਮੀਅਰ ਲੀਗ ਫਿਕਸਿੰਗ ਮਾਮਲਾ
PunjabKesari

ਬੈਂਗਲੁਰੂ ਬਲਾਸਟਰਸ ਦੇ ਸਾਬਕਾ ਓਪਨਰ ਐੱਮ. ਵਿਸ਼ਵਨਾਥਨ ਨੂੰ ਸਾਲ 2018 'ਚ ਖੇਡੀ ਗਈ ਪ੍ਰੀਮੀਅਰ ਲੀਗ ਵਿਚ ਫਿਕਸਿੰਗ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਵਿਚ ਪੁਲਸ ਨੂੰ ਪਤਾ ਚੱਲਿਆ ਹੈ ਕਿ ਵਿਸ਼ਵਨਾਥਨ ਨੂੰ ਕਿਹਾ ਗਿਆ ਸੀ ਕਿ ਉਹ ਹੁਬਲੀ ਟਾਈਗਰਸ ਖਿਲਾਫ ਮੈਚ ਵਿਚ 20 ਗੇਂਦਾਂ ਵਿਚ 10 ਦੌੜਾਂ ਤੋਂ ਘੱਟ ਬਣਾਏ। ਇਸ ਮੈਚ ਵਿਚ ਵਿਸ਼ਵਨਾਥਨ ਨੇ 17 ਗੇਂਦਾਂ ਵਿਚ 9 ਦੌੜਾਂ ਬਣਾਈਆਂ ਸੀ। 39 ਸਾਲਾ ਵਿਸ਼ਵਨਾਥਨ ਨੂੰ ਪਿਛਲੇ ਹਫਤੇ ਹੀ ਬੈਂਗਲੁਰੂ ਬਲਾਸਟਰਸ ਦੇ ਗੇਂਦਬਾਜ਼ੀ ਕੋਚ ਵੀਨੂ ਪ੍ਰਸਾਦ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਮੈਸੂਰ ਵਿਚ 31 ਅਗਸਤ 2018 ਨੂੰ ਖੇਡੇ ਗਏ ਮੁਕਾਬਲੇ ਵਿਚ ਹੋਲੀ ਬੱਲੇਬਾਜ਼ੀ ਕਰਨ ਲਈ 5 ਲੱਖ ਰੁਪਏ ਲੈਣ ਦਾ ਦੋਸ਼ ਹੈ। ਵਿਸ਼ਵਨਾਥਨ ਅਤੇ ਪ੍ਰਸਾਦ ਕਰਨਾਟਕ ਪ੍ਰੀਮੀਅਰ ਲੀਗ 2018 ਦੇ 18ਵੇਂ ਮੈਚ ਵਿਚ ਚੰਡੀਗੜ੍ਹ ਦੇ ਬੁਕੀ ਮਨੋਜ ਕੁਮਾਰ ਦੇ ਜ਼ਰੀਏ ਸਪਾਟ ਫਿਕਸਿੰਗ ਵਿਚ ਸ਼ਾਮਲ ਹੋਏ ਸੀ। ਪੁਲਸ ਦੀ ਜਾਂਚ ਮੁਤਾਬਕ ਮਨੋਜ ਕੁਮਾਰ ਨੂੰ ਪ੍ਰਸਾਦ ਨਾਲ ਮਿਲਾਉਣ ਦਾ ਕੰਮ ਸ਼ਿਮੋਗਾ ਲਾਇੰਸ ਦੇ ਨਿਸ਼ਾਂਤ ਸਿੰਘ ਸ਼ੇਖਾਵਤ ਨੇ ਕੀਤਾ।

ਬੁਕੀ ਨੂੰ ਸਿਗਨਲ ਦੇਣ ਦਾ ਤਰੀਕਾ
PunjabKesari

ਪੁਲਸ ਮੁਤਾਬਕ 31 ਅਗਸਤ ਦੇ ਮੈਚ ਵਿਚ ਇਕ ਹਫਤੇ ਪਹਿਲਾਂ ਹੀ ਸਪਾਟ ਫਿਕਸਿੰਗ ਤੈਅ ਕਰ ਲਈ ਗਈ ਸੀ। ਵੀਨੂ ਪ੍ਰਸਾਦ ਅਤੇ ਮਨੋਜ ਕੁਮਾਰ ਨੇ ਬੈਂਗਲੁਰੂ ਦੇ ਹੋਟਲ ਦੀ ਲਾਬੀ ਵਿਚ ਬੈਠ ਕੇ ਇਹ ਸਾਜਿਸ਼ ਰਚੀ ਸੀ। ਮੈਚ ਤੋਂ ਇਕ ਦਿਨ ਪਹਿਲਾਂ ਅਭਿਆਸ ਮੈਚ ਦੌਰਾਨ ਪ੍ਰਸਾਦ ਨੇ ਵਿਸ਼ਨਾਥਨ ਨੂੰ ਵੀ ਇਸ ਵਿਚ ਸ਼ਾਮਲ ਕੀਤਾ। ਉਸ ਨੇ ਦੱਸਿਆ ਕਿ ਮੈਚ ਦੌਰਾਨ ਕਿਸ ਤਰ੍ਹਾਂ ਨਾਲ ਸਿਗਨਲ ਦੇਣੇ ਹਨ। ਉਸ ਮੈਚ ਵਿਚ ਹੁਬਲੀ ਟਾਈਗਰਸ ਨੇ ਬੈਂਗਲੁਰੂ ਬਲਾਸਟਰਸ ਨੂੰ ਜਿੱਤ ਲਈ 118 ਦੌੜਾਂ ਦਾ ਟੀਚਾ ਦਿੱਤਾ। ਵਿਸ਼ਵਨਾਥਨ ਤੂਫਾਨੀ ਬੱਲੇਬਾਜ਼ੀ ਕਰਨ ਲਈ ਜਾਣੇ ਜਾਂਦੇ ਹਨ ਪਰ ਉਸ ਮੈਚ ਵਿਚ ਉਸ ਨੇ 17 ਗੇਂਦਾਂ 'ਤੇ 9 ਦੌੜਾਂ ਹੀ ਬਣਾਈਆਂ। ਮੈਚ ਵਿਚ ਬੱਲੇਬਾਜ਼ੀ ਦੌਰਾਨ 8 ਗੇਂਦਾਂ ਖੇਡਣ ਤੋਂ ਬਾਅਦ ਵਿਸ਼ਵਨਾਥਨ ਨੇ ਬੱਲਾ ਬਦਲਿਆ ਅਤੇ ਤੀਜਾ ਓਵਰ ਖਤਮ ਹੋਣ ਤੋਂ ਬਾਅਦ ਆਪਣੀ ਬਾਂਹ ਵੀ ਮਰੋੜੀ। ਇਹ ਦੋਵੇਂ ਇਸ਼ਾਰੇ ਬੁਕੀ ਨੂੰ ਕੀਤੇ ਗਏ ਸੀ ਤਾਂ ਜੋ ਉਸ ਦੇ ਸਪਾਟ ਫਿਕਸਿੰਗ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਹੋ ਸਕੇ।

ਹੋਰ ਬੁਕੀਆਂ ਨਾਲ ਵੀ ਸੰਪਰਕ 'ਚ ਸੀ ਵੀਨੂ
PunjabKesari

ਪੁਲਸ ਜਾਂਚ ਮੁਤਾਬਕ ਗੇਂਦਬਾਜ਼ੀ ਕੋਚ ਵੀਨੂ ਪ੍ਰਸਾਦ ਕਈ ਬੁਕੀਆਂ ਦੇ ਸੰਪਰਕ ਵਿਚ ਸੀ ਅਤੇ ਖਿਡਾਰੀਆਂ ਨੂੰ ਫਿਕਸਿੰਗ ਵਿਚ ਸ਼ਾਮਲ ਕਰਾਉਣ ਦਾ ਕੰਮ ਕਰਦਾ ਸੀ। ਮਨੋਜ ਕੁਮਾਰ ਤੋਂ ਇਲਾਵਾ 2 ਹੋਰ ਬੁਕੀ ਵੇਂਕੀ ਅਤੇ ਖਾਨ ਵੀ ਪ੍ਰਸਾਦ ਨਾਲ ਜੁੜੇ ਸੀ। ਵਿਸ਼ਵਨਾਥਨ ਅਤੇ ਪ੍ਰਸਾਦ 'ਤੇ ਫਰਾਡ ਅਤੇ ਅਪਰਾਧਿਕ ਸਾਜਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਪਿਛਲੇ ਦਿਨੀ ਬਿਜ਼ਨਸਮੈਨ ਅਤੇ ਕੇ. ਪੀ. ਐੱਲ. ਟੀਮ ਬੱਲਾਰੀ ਟਸਕਰਸ ਦੇ ਮਾਲਕ ਅਰਵਿੰਦ ਵੈਂਕਟੇਸ਼ ਤੋਂ ਵੀ ਪੁੱਛ-ਗਿੱਛ ਕੀਤੀ ਗਈ ਸੀ। ਕੇ. ਪੀ. ਐੱਲ. ਦੇ ਇਸ ਸੀਜ਼ਨ ਵਿਚ ਟਸਕਰਸ ਦੇ ਤੇਜ਼ ਗੇਂਦਬਾਜ਼ ਭਾਵੇਸ਼ ਗੁਲੋਚਾ ਨੇ ਪੁਲਸ ਨੂੰ ਦੱਸਿਆ ਸੀ ਕਿ ਬਾਫਨਾ ਦੇ ਜ਼ਰੀਏ ਬੁਕੀਜ਼ ਉਨ੍ਹਾਂ ਤੱਕ ਵੀ ਪਹੁੰਚੇ ਸੀ। ਇਸ ਤੇਜ਼ ਗੇਂਦਬਾਜ਼ ਨੂੰ ਹਰ ਓਵਰ ਵਿਚ 10 ਦੌੜਾਂ ਤੋਂ ਵੱਧ ਦੇਣ ਲਈ ਕਿਹਾ ਗਿਆ ਸੀ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਕੇ. ਪੀ. ਐੱਲ. ਦੇ ਕੁਝ ਹੋ ਖਿਡਾਰੀਆਂ ਦਾ ਨਾਂ ਵੀ ਸਾਹਮਣੇ ਆ ਸਕਦਾ ਹੈ।


Related News