T20 World Cup 2026 'ਚ ਹੋਈ ਮੈਚ ਫਿਕਸਿੰਗ? ICC ਨੇ ਸ਼ੁਰੂ ਕੀਤੀ ਜਾਂਚ
Friday, Apr 17, 2026 - 01:24 PM (IST)
ਸਪੋਰਟਸ ਡੈਸਕ : ਕ੍ਰਿਕਟ ਜਗਤ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਦੀ ਐਂਟੀ-ਕਰੱਪਸ਼ਨ ਯੂਨਿਟ (ACU) ਨੇ ਟੀ-20 ਵਿਸ਼ਵ ਕੱਪ 2026 ਦੇ ਇੱਕ ਮੁਕਾਬਲੇ ਵਿੱਚ ਫਿਕਸਿੰਗ ਦੇ ਖਦਸ਼ੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਇਹ ਜਾਂਚ ਕੈਨੇਡਾ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਮੈਚ 'ਤੇ ਕੇਂਦਰਿਤ ਹੈ। ਜਾਂਚ ਦਾ ਮੁੱਖ ਕੇਂਦਰ ਨਿਊਜ਼ੀਲੈਂਡ ਦੀ ਪਾਰੀ ਦਾ ਪੰਜਵਾਂ ਓਵਰ ਹੈ, ਜਿਸ ਵਿੱਚ ਕੈਨੇਡਾ ਦੇ ਕਪਤਾਨ ਦਿਲਪ੍ਰੀਤ ਬਾਜਵਾ ਨੇ ਗੇਂਦਬਾਜ਼ੀ ਕੀਤੀ ਸੀ। ਇਸ ਓਵਰ ਵਿੱਚ ਬਾਜਵਾ ਨੇ ਇੱਕ ਨੋ-ਬਾਲ ਸੁੱਟੀ, ਲੈੱਗ ਸਾਈਡ 'ਤੇ ਵਾਈਡ ਗੇਂਦ ਸੁੱਟੀ ਅਤੇ ਕੁੱਲ 15 ਦੌੜਾਂ ਦਿੱਤੀਆਂ। ਇਸ ਤੋਂ ਪਹਿਲਾਂ ਕੈਨੇਡਾ ਦੇ ਤੇਜ਼ ਗੇਂਦਬਾਜ਼ ਜਸਕਰਨ ਸਿੰਘ ਅਤੇ ਡਿਲੋਨ ਹੇਲੀਗਰ ਨੇ ਵੀ ਕਾਫੀ ਮਹਿੰਗੇ ਓਵਰ ਸੁੱਟੇ ਸਨ, ਜਦਕਿ ਸਪਿਨਰ ਸਾਦ ਬਿਨ ਜ਼ਫਰ ਨੇ ਤੀਜਾ ਓਵਰ ਵਿਕਟ ਮੇਡਨ ਕੱਢਿਆ ਸੀ।
ਇਹ ਮਾਮਲਾ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (CBC) ਦੇ ਇਨਵੈਸਟੀਗੇਟਿਵ ਪ੍ਰੋਗਰਾਮ 'ਦ ਫਿਫਥ ਸਟੇਟ' ਵੱਲੋਂ ਬਣਾਈ ਗਈ ਡੌਕੂਮੈਂਟਰੀ 'ਕਰੱਪਸ਼ਨ, ਕ੍ਰਾਈਮ ਐਂਡ ਕ੍ਰਿਕਟ' (Corruption, Crime and Cricket) ਦੇ ਪ੍ਰਸਾਰਣ ਤੋਂ ਬਾਅਦ ਗਰਮਾਇਆ ਹੈ। ਇਸ ਡੌਕੂਮੈਂਟਰੀ ਵਿੱਚ ਕੈਨੇਡਾ ਕ੍ਰਿਕਟ ਬੋਰਡ ਦੇ ਅੰਦਰੂਨੀ ਮਾਮਲਿਆਂ, ਖਿਡਾਰੀਆਂ ਦੀ ਚੋਣ ਵਿੱਚ ਦਬਾਅ ਅਤੇ ਮੈਚਾਂ ਨਾਲ ਜੁੜੀਆਂ ਸ਼ੱਕੀ ਗਤੀਵਿਧੀਆਂ ਦੇ ਗੰਭੀਰ ਦੋਸ਼ ਲਗਾਏ ਗਏ ਹਨ।
ਕੈਨੇਡਾ ਕ੍ਰਿਕਟ ਪਿਛਲੇ ਇੱਕ ਸਾਲ ਤੋਂ ਪ੍ਰਬੰਧਕੀ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਹੈ। ਸਾਬਕਾ ਸੀਈਓ ਸਲਮਾਨ ਖਾਨ 'ਤੇ ਚੋਰੀ ਅਤੇ ਧੋਖਾਧੜੀ ਦੇ ਇਲਜ਼ਾਮ, ਖਿਡਾਰੀਆਂ ਨੂੰ ਤਨਖਾਹਾਂ ਅਤੇ ਇਨਾਮੀ ਰਾਸ਼ੀ ਦੇਣ ਵਿੱਚ ਦੇਰੀ ਵਰਗੇ ਮੁੱਦੇ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਆਈਸੀਸੀ ਦੀ ਐਂਟੀ-ਕਰੱਪਸ਼ਨ ਯੂਨਿਟ ਦੇ ਅੰਤਰਿਮ ਜਨਰਲ ਮੈਨੇਜਰ ਐਂਡਰਿਊ ਐਫਗ੍ਰੇਵ ਨੇ ਪੁਸ਼ਟੀ ਕੀਤੀ ਹੈ ਕਿ ਉਹ ਸੀਬੀਸੀ (CBC) ਦੇ ਪ੍ਰੋਗਰਾਮ ਤੋਂ ਜਾਣੂ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਪਿੱਛੇ ਬਿਸ਼ਨੋਈ ਗੈਂਗ ਦਾ ਹੱਥ ਵੀ ਹੋ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਬਿਸ਼ਨੋਈ ਗੈਂਗ ਨੇ ਕੈਨੇਡਾ ਟੀਮ 'ਚ ਪੰਜਾਬੀ ਖਿਡਾਰੀ ਦਿਲਪ੍ਰੀਤ ਬਾਜਵਾ ਦੀ ਜਗ੍ਹਾ ਪੱਕੀ ਕਰਨ ਲਈ ਟੀਮ ਦੇ ਇਕ ਸੀਨੀਅਰ ਮੈਂਬਰ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਬਾਜਵਾ ਨੂੰ ਟੀਮ 'ਚੋਂ ਕੱਢਿਆ ਗਿਆ ਤਾਂ ਉਸ ਦਾ ਅੰਜਾਮ ਬਹੁਤ ਬੁਰਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
