AIBA ਰੈਂਕਿੰਗ ''ਚ ਨੰਬਰ ਇਕ ''ਤੇ ਪਹੁੰਚੀ ਮੈਰੀਕਾਮ

01/11/2019 12:31:43 AM

ਨਵੀਂ ਦਿੱਲੀ- 'ਮੈਗਨੀਫਿਸ਼ੈਂਟ ਮੈਰੀ' ਦੇ ਨਾਂ ਨਾਲ ਮਸ਼ਹੂਰ ਭਾਰਤੀ ਮਹਿਲਾ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਪਿਛਲੇ ਸਾਲ ਛੇਵੇਂ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਦੀ ਬਦੌਲਤ ਕੌਮਾਂਤਰੀ ਮੁੱਕੇਬਾਜ਼ੀ ਸੰਘ (ਏ. ਆਈ. ਬੀ. ਏ.) ਦੀ ਵਿਸ਼ਵ ਰੈਂਕਿੰਗ 'ਚ ਨੰਬਰ ਇਕ ਸਥਾਨ 'ਤੇ ਪਹੁੰਚ ਗਈ ਹੈ।
ਮਣੀਪੁਰ ਦੀ ਇਸ ਮੁੱਕੇਬਾਜ਼ ਨੇ ਪਿਛਲੇ ਸਾਲ ਨਵੰਬਰ ਵਿਚ ਦਿੱਲੀ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਇਤਿਹਾਸ ਰਚਦਿਆਂ 48 ਕਿ. ਗ੍ਰਾ. ਵਰਗ ਦਾ ਖਿਤਾਬ ਆਪਣੀ ਝੋਲੀ ਵਿਚ ਪਾਇਆ ਸੀ, ਜਿਸ ਨਾਲ ਉਹ ਟੂਰਨਾਮੈਂਟ ਦੀ ਸਭ ਤੋਂ ਸਫਲ ਮੁੱਕੇਬਾਜ਼ ਬਣ ਗਈ। ਏ. ਆਈ. ਬੀ. ਏ. ਦੀ ਅਪਡੇਟ ਹੋਈ ਰੈਂਕਿੰਗ ਵਿਚ ਮੈਰੀਕਾਮ ਆਪਣੇ ਭਾਰ ਵਰਗ ਵਿਚ 1700 ਅੰਕ ਲੈ ਕੇ ਚੋਟੀ 'ਤੇ ਕਾਬਜ਼ ਹੈ। ਮੈਰੀਕਾਮ ਨੂੰ 2020 ਓਲੰਪਿਕ ਦਾ ਸੁਪਨਾ ਪੂਰਾ ਕਰਨ ਲਈ 51 ਕਿ. ਗ੍ਰਾ. ਭਾਰ ਵਰਗ ਵਿਚ ਖੇਡਣਾ ਪਵੇਗਾ ਕਿਉਂਕਿ 48 ਕਿ. ਗ੍ਰਾ. ਨੂੰ ਅਜੇ ਤਕ ਖੇਡਾਂ ਦੇ ਭਾਰ ਵਰਗ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਹੋਰਨਾਂ ਭਾਰਤੀਆਂ ਵਿਚ ਪਿੰਕੀ ਜਾਂਗੜਾ 51 ਕਿ. ਗ੍ਰਾ. ਸੂਚੀ ਵਿਚ ਅੱਠਵੇਂ ਸਥਾਨ 'ਤੇ ਕਾਬਜ਼ ਹੈ। ਏਸ਼ੀਆਈ ਚਾਂਦੀ ਤਮਗਾ ਜੇਤੂ ਮਨੀਸ਼ਾ ਮਾਓਨ ਵੀ 54 ਕਿ. ਗ੍ਰਾ. ਵਰਗ ਵਿਚ ਇਸੇ ਸਥਾਨ 'ਤੇ ਹੈ। ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜੇਤੂ ਸੋਨੀਆ ਲਾਠੇਰ 57 ਕਿ. ਗ੍ਰਾ. ਵਿਚ  ਦੂਜੇ ਸਥਾਨ 'ਤੇ ਹੈ। ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਸਿਮਰਨਜੀਤ ਕੌਰ (64 ਕਿ. ਗ੍ਰਾ.) ਹਾਲ ਹੀ ਵਿਚ ਰਾਸ਼ਟਰੀ ਚੈਂਪੀਅਨ ਬਣੀ, ਉਹ ਆਪਣੇ ਭਾਰ ਵਰਗ ਵਿਚ ਚੌਥੇ ਸਥਾਨ 'ਤੇ ਹੈ, ਜਦਕਿ ਸਾਬਕਾ ਵਿਸ਼ਵ ਚੈਂਪੀਅਨ ਐੱਲ. ਸਰਿਤਾ ਦੇਵੀ 16ਵੇਂ ਸਥਾਨ 'ਤੇ ਹੈ। ਪੁਰਸ਼ਾਂ ਦੀ ਰੈਂਕਿੰਗ ਅਪਡੇਟ ਨਹੀਂ ਹੋਈ ਹੈ।


Related News