ਭਾਰਤੀ ਮੂਲ ਦੇ ਕਈ ਖਿਡਾਰੀ ਦੂਜੇ ਦੇਸ਼ਾਂ ਲਈ ਖੇਡਣਗੇ ਓਲੰਪਿਕ
Tuesday, Jul 23, 2024 - 11:24 AM (IST)
ਨਵੀਂ ਦਿੱਲੀ : ਪੈਰਿਸ ਓਲੰਪਿਕ ਵਿਚ ਭਾਰਤ ਸਿਰਫ ਭਾਰਤੀ ਦਲ ਤਕ ਸੀਮਤ ਨਹੀਂ ਹੋਵੇਗਾ ਸਗੋਂ ਭਾਰਤੀ ਮੂਲ ਦੇ ਕਈ ਖਿਡਾਰੀ ਦੂਜੇ ਦੇਸ਼ਾਂ ਲਈ ਆਪਣਾ ਜਲਵਾ ਬਿਖੇਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ’ਤੇ ਇਕ ਝਾਤ
ਰਾਜੀਵ ਰਾਮ (ਟੈਨਿਸ, ਅਮਰੀਕਾ) : ਅਮਰੀਕਾ ਦੇ ਡੇਨਵਰ ਵਿਚ ਜਨਮੇ 40 ਸਾਲ ਦੇ ਰਾਜੀਵ ਰਾਮ ਦੇ ਮਾਤਾ-ਪਿਤਾ ਬੈਂਗਲੁਰੂ ਦੇ ਰਹਿਣ ਵਾਲੇ ਸਨ। ਰਾਜੀਵ ਦੇ ਪਿਤਾ ਬਨਸਪਤੀ ਵਿਗਿਆਨੀ ਸਨ, ਜਿਨ੍ਹਾਂ ਦਾ 2019 ਵਿਚ ਕੈਂਸਰ ਨਾਲ ਦਿਹਾਂਤ ਹੋ ਗਿਆ ਸੀ। ਉੱਥੇ ਹੀ, ਉਸਦੀ ਮਾਂ ਸੁਸ਼ਮਾ ਵਿਗਿਆਨਿਕ ਟੈਕਨੀਸ਼ੀਅਨ ਹਨ। ਰਾਮ ਨੇ ਅਮਰੀਕਾ ਲਈ 4 ਪੁਰਸ਼ ਡਬਲਜ਼ ਤੇ ਇਕ ਮਿਕਸਡ ਡਬਲਜ਼ ਗ੍ਰੈਂਡ ਸਲੈਮ ਜਿੱਤਿਆ ਹੈ।
ਪ੍ਰਿਥਿਕਾ ਪਾਵੜੇ (ਟੇਬਲ ਟੈਨਿਸ, ਫਰਾਂਸ)
ਪ੍ਰਿਥਿਕਾ ਦੇ ਪਿਤਾ ਦਾ ਜਨਮ ਪੁਡੂਚੇਰੀ ਵਿਚ ਹੋਇਆ ਸੀ। ਉਹ 2003 ਵਿਚ ਵਿਆਹ ਤੋਂ ਬਾਅਦ ਪੈਰਿਸ ਜਾ ਵਸੇ ਤੇ ਇਕ ਸਾਲ ਬਾਅਦ ਪ੍ਰਿਥਿਕਾ ਦਾ ਜਨਮ ਹੋਇਆ। ਪ੍ਰਿਥਿਕਾ ਨੇ 16 ਸਾਲ ਦੀ ਉਮਰ ਵਿਚ ਟੋਕੀਓ ਵਿਚ ਪਹਿਲੀਆਂ ਓਲੰਪਿਕ ਖੇਡੀਆਂ। ਰਸਾਇਣ ਤੇ ਵਾਤਾਵਰਣ ਵਿਗਿਆਨ ਦੀ ਵਿਦਿਆਰਥਣ 19 ਸਾਲ ਦੀ ਪ੍ਰਿਥਿਕਾ ਮਹਿਲਾ ਸਿੰਗਲਜ਼, ਮਹਿਲਾ ਡਬਲਜ਼ ਤੇ ਮਿਕਸਡ ਡਬਲਜ਼ ਵਿਚ ਖੇਡੇਗੀ।
ਕਨਕ ਝਾਅ (ਟੇਬਲ ਟੈਨਿਸ, ਅਮਰੀਕਾ) : ਝਾਅ ਦੀ ਮਾਂ ਕਰੁਣਾ ਮੁੰਬਈ ਤੋਂ ਅਤੇ ਪਿਤਾ ਅਰੁਣ ਕੋਲਕਾਤਾ ਦੇ ਪ੍ਰਯਾਗਰਾਜ ਤੋਂ ਹੈ। ਦੋਵੇਂ ਆਈ. ਟੀ. ਪੇਸ਼ੇਵਰ ਹਨ। 24 ਸਾਲ ਦਾ ਝਾਅ 4 ਵਾਰ ਅਮਰੀਕਾ ਦਾ ਰਾਸ਼ਟਰੀ ਚੈਂਪੀਅਨ ਰਹਿ ਚੁੱਕਾ ਹੈ ਤੇ ਪਿਛਲੀਆਂ 2 ਓਲੰਪਿਕ ਖੇਡ ਚੁੱਕਾ ਹੈ। ਉਸ ਨੇ ਯੂਥ ਓਲੰਪਿਕ 2018 ਵਿਚ ਤਮਗਾ ਜਿੱਤਿਆ ਸੀ। ਉਹ ਪੈਰਿਸ ਵਿਚ ਪੁਰਸ਼ ਸਿੰਗਲਜ਼ ਵਿਚ ਖੇਡੇਗਾ।
ਸ਼ਾਂਤੀ ਪਰੇਰਾ (ਸਿੰਗਾਪੁਰ, ਐਥਲੈਟਿਕਸ)
ਸ਼ਾਂਤੀ ਪਰੇਰਾ ਸਿੰਗਾਪੁਰ ਦੀ ਫਰਾਟਾ ਕਵੀਨ ਹੈ। ਉਸਦੇ ਦਾਦਾ-ਦਾਦੀ ਤਿਰੂਵਨੰਤਪੁਰਮ ਦੇ ਵੇਟਟੁਕਾਡ ਤੋਂ ਸਨ। ਉਸਦੇ ਦਾਦਾ ਸਿੰਗਾਪੁਰ ਆ ਕੇ ਵਸ ਗਏ ਸਨ। ਪਿਛਲੇ ਸਾਲ ਪਰੇਰਾ ਨੇ ਏਸ਼ੀਆਈ ਖੇਡਾਂ ਵਿਚ ਮਹਿਲਾਵਾਂ ਦੀ 100 ਮੀਟਰ ਦੌੜ ਵਿਚ ਚਾਂਦੀ ਤਮਗਾ ਜਿੱਤਿਆ। ਉਹ ਸਿੰਗਾਪੁਰ ਦੀ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਵੀ ਹੈ। ਉਹ ਉਦਘਾਟਨੀ ਸਮਾਰੋਹ ਵਿਚ ਸਿੰਗਾਪੁਰ ਦੀਆਂ 2 ਝੰਡਾਬਰਦਾਰਾਂ ਵਿਚੋਂ ਇਕ ਹੋਵੇਗੀ।
ਅਮਰਵੀਰ ਢੇਸੀ (ਕੁਸ਼ਤੀ, ਕੈਨੇਡਾ)
ਬ੍ਰਿਟਿਸ਼ ਕੋਲੰਬੀਆ ਦੇ ਸਰੇ ਵਿਚ ਜਨਮੇ ਅਮਰਵੀਰ ਦੇ ਪਿਤਾ ਬਲਬੀਰ ਢੇਸੀ ਖੁਦ ਗ੍ਰੀਕੋ ਰੋਮਨ ਪਹਿਲਵਾਨ ਰਹਿ ਚੁੱਕੇ ਹਨ। ਪੰਜਾਬ ਦੇ ਜਲੰਧਰ ਦੇ ਸੰਘਵਾਲ ਪਿੰਡ ਤੋਂ ਨਿਕਲੇ ਬਲਬੀਰ ਨੂੰ ਪੰਜਾਬ ਪੁਲਸ ਵਿਚ ਨੌਕਰੀ ਵੀ ਮਿਲ ਗਈ ਸੀ ਪਰ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਉਹ 1979 ਵਿਚ ਕੈਨੇਡਾ ਚਲੇ ਗਏ। ਟੋਕੀਓ ਵਿਚ ਉਸ ਨੇ ਪੁਰਸ਼ਾਂ ਦੀ 125 ਕਿ. ਗ੍ਰਾ. ਭਾਰ ਵਰਗ ਵਿਚ 13ਵਾਂ ਸਥਾਨ ਹਾਸਲ ਕੀਤਾ।