ਨੇਪਾਲ ਦੀ ਕ੍ਰਿਕਟ ਟੀਮ ਦੇ ਕੋਚ ਬਣੇ ਮਨੋਜ ਪ੍ਰਭਾਕਰ, ਅਫਗਾਨਿਸਤਾਨ ਨੂੰ ਵੀ ਦੇ ਚੁੱਕੇ ਹਨ ਟ੍ਰੇਨਿੰਗ
Tuesday, Aug 09, 2022 - 11:34 AM (IST)
ਕਾਠਮਾਂਡੂ- ਨੇਪਾਲ ਨੇ ਸਾਬਕਾ ਭਾਰਤੀ ਆਲਰਾਊਂਡਰ ਮਨੋਜ ਪ੍ਰਭਾਕਰ ਨੂੰ ਆਪਣੀ ਕ੍ਰਿਕਟ ਪੁਰਸ਼ ਰਾਸ਼ਟਰੀ ਟੀਮ ਦਾ ਕੋਚ ਨਿਯੁਕਤ ਕੀਤਾ ਹੈ। ਉਹ ਪੁਬਦੂ ਦਸਾਨਾਇਕੇ ਦੀ ਜਗ੍ਹਾ ਲੈਣਗੇ, ਜੋ ਹੁਣ ਕੈਨੇਡਾ ਦੇ ਕੋਚ ਹਨ। ਦਸਾਨਾਇਕੇ ਨੇ 'ਨਿੱਜੀ ਕਾਰਨਾਂ' ਦਾ ਹਵਾਲਾ ਦਿੰਦੇ ਹੋਏ ਪਿਛਲੇ ਮਹੀਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ : ਏਸ਼ੀਆ ਕੱਪ 2022 ਲਈ ਟੀਮ ਇੰਡੀਆ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
ਪ੍ਰਭਾਕਰ ਨੇ 1984 ਤੋਂ 1996 ਦਰਮਿਆਨ ਭਾਰਤ ਲਈ 39 ਟੈਸਟ ਅਤੇ 130 ਵਨਡੇ ਖੇਡੇ ਹਨ। ਉਨ੍ਹਾਂ ਨੇ ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ ਟੀਮਾਂ ਨੂੰ ਕੋਚਿੰਗ ਵੀ ਦਿੱਤੀ ਹੈ। ਜਦੋਂ ਦਿੱਲੀ ਨੇ 2008 ਵਿੱਚ ਰਣਜੀ ਟਰਾਫੀ ਜਿੱਤੀ ਸੀ ਉਦੋਂ ਪ੍ਰਭਾਕਰ ਦਿੱਲੀ ਦੇ ਗੇਂਦਬਾਜ਼ੀ ਕੋਚ ਸਨ। ਹਾਲਾਂਕਿ, ਖਿਡਾਰੀਆਂ ਅਤੇ ਚੋਣਕਾਰਾਂ 'ਤੇ ਟਿੱਪਣੀਆਂ ਕਾਰਨ 2011-12 ਦੇ ਸੀਜ਼ਨ ਤੋਂ ਠੀਕ ਪਹਿਲਾਂ ਉਸਨੂੰ ਦਿੱਲੀ ਦੇ ਕੋਚ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : CWG 2022 : ਸਾਤਵਿਕ-ਚਿਰਾਗ ਦੀ ਜੋੜੀ ਨੇ ਬੈਡਮਿੰਟਨ 'ਚ ਦਿਵਾਇਆ ਤੀਜਾ ਗੋਲਡ
ਇਸ ਤੋਂ ਬਾਅਦ ਉਹ 2015-16 ਦਰਮਿਆਨ ਅਫਗਾਨਿਸਤਾਨ ਦੇ ਗੇਂਦਬਾਜ਼ੀ ਕੋਚ ਰਹੇ ਸਨ। ਕੋਚ ਬਣਨ ਤੋਂ ਬਾਅਦ ਪ੍ਰਭਾਕਰ ਨੇ ਕਿਹਾ- ਨੇਪਾਲੀ ਯੁਵਾਵਾਂ 'ਚ ਕ੍ਰਿਕਟ ਦਾ ਕਾਫ਼ੀ ਹੁਨਰ ਹੈ ਅਤੇ ਮੈਂ ਇਸ ਭੂਮਿਕਾ ਲਈ ਬਹੁਤ ਉਤਸ਼ਾਹਿਤ ਹਾਂ। ਮੈਂ ਨੇਪਾਲ ਨੂੰ ਕ੍ਰਿਕਟ ਦੀ ਮਹੱਤਵਪੂਰਨ ਸ਼ਕਤੀ ਬਣਾਉਣਾ ਚਾਹੁੰਦਾ ਹਾਂ। ਨੇਪਾਲ ਇਸ ਸਮੇਂ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਲੀਗ 2 ਵਿੱਚ ਖੇਡ ਰਿਹਾ ਹੈ ਅਤੇ ਉਸਨੇ 15 ਵਿੱਚੋਂ ਅੱਠ ਮੈਚ ਜਿੱਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।