ਮੈਰੀਕਾਮ ਦੀ ਪ੍ਰਸ਼ੰਸਕ ਮੰਜੂ ਨੇ ਚਾਂਦੀ ਦਾ ਤਮਗਾ ਜਿੱਤਣ ਦੀ ਖੁਸ਼ੀ 'ਚ ਦਿੱਤਾ ਇਹ ਬਿਆਨ
Monday, Oct 14, 2019 - 11:11 AM (IST)

ਸਪੋਰਟਸ ਡੈਸਕ— ਮੈਰੀਕਾਮ ਦੀ ਪ੍ਰਸ਼ੰਸਕ ਅਤੇ ਹਰਿਆਣਾ ਦੀ ਵਸਨੀਕ ਮੰਜੂ ਰਾਣੀ ਨੇ ਐਤਵਾਰ ਨੂੰ ਰੂਸ 'ਚ ਆਯੋਜਿਤ ਹੋਈ ਮਹਿਲਾ ਵਰਲਡ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਿਆ ਹੈ। ਹਰਿਆਣਾ ਦੀ ਇਸ ਮੁੱਕੇਬਾਜ਼ ਨੂੰ ਲਾਈਟ ਫਲਾਈਵੇਟ (48 ਕਿਲੋ) ਵਰਗ ਦੇ ਫਾਈਨਲ 'ਚ ਰੂਸ ਦੀ ਏਕਾਤੇਰਿਨਾ ਪਾਲਸੋਵਾ ਨੇ 4-1 ਨਾਲ ਹਰਾਇਆ। ਸ਼ਨੀਵਾਰ ਨੂੰ 20 ਸਾਲਾਂ ਦੀ ਹੋਣ ਜਾ ਰਹੀ ਰਾਣੀ ਫਾਈਨਲ 'ਚ ਇਕਮਾਤਰ ਭਾਰਤੀ ਸੀ। ਇਸ ਜਿੱਤ ਦੇ ਬਾਅਦ ਮੰਜੂ ਨੇ ਕਿਹਾ ਕਿ ਇਹ ਪ੍ਰਤੀਯੋਗਿਤਾ ਮੇਰੇ ਲਈ ਜਿੱਤ ਦੇ ਨਾਲ-ਨਾਲ ਸਿੱਖਣ ਦਾ ਵੀ ਮੌਕਾ ਸੀ। ਜਦੋਂ ਤੋਂ ਮੈਂ ਰਾਸ਼ਟਰੀ ਕੈਂਪ 'ਚ ਸ਼ਾਮਲ ਹੋਈ ਸੀ ਉਦੋਂ ਤੋਂ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ।
ਮੈਰੀ ਕਾਮ ਨੂੰ ਵੀ ਇਸ ਟੂਰਨਾਮੈਂਟ 'ਚ ਖੇਡਦੇ ਹੋਏ ਦੇਖਣਾ ਮੇਰੇ ਲਈ ਇਕ ਸੁਪਨੇ ਦੇ ਸੱਚ ਹੋਣ ਵਰਗਾ ਸੀ। ਆਪਣੀ ਬਾਊਟ 'ਤੇ ਟਿੱਪਣੀ ਕਰਦੇ ਹੋਏ ਮੰਜੂ ਨੇ ਕਿਹਾ ਕਿ ਹਾਂ ਮੈਂ ਥੋੜ੍ਹਾ ਨਿਰਾਸ਼ ਹਾਂ ਕਿਉਂਕਿ ਮੈਂ ਰੂਸ ਦੀ ਏਕਾਤੇਰਿਨਾ ਪਾਲਸੋਵਾ ਨੂੰ ਫਾਈਨਲ 'ਚ ਹਰਾਉਣ 'ਚ ਅਸਫਲ ਰਹੀ ਪਰ ਟੀਮ 'ਚ ਹਰ ਕਿਸੇ ਨੇ ਮੇਰਾ ਹੌਸਲਾ ਵਧਾਇਆ ਅਤੇ ਅਗਲੀ ਵਾਰ ਮੈਂ ਮੈਂ ਇਸ ਤੋਂ ਵੀ ਬਿਹਤਰ ਪ੍ਰਦਰਸ਼ਨ ਕਰਾਂਗੀ। ਇਸ ਪ੍ਰਤੀਯੋਗਿਤਾ ਤੋਂ ਮੈਂ ਇਹ ਸਿੱਖਿਆ ਹੈ ਕਿ ਮੈਨੂੰ ਆਪਣੇ ਡਿਫੈਂਸ 'ਤੇ ਕੰਮ ਕਰਨਾ ਹੋਵੇਗਾ। ਇੱਥੋਂ ਤਕ ਕਿ ਮੈਰੀਕਾਮ ਨੇ ਮੈਨੂੰ ਫਾਈਨਲ ਦੇ ਬਾਅਦ ਕਿਹਾ ਕਿ ਅਕਸਰ ਡਿਫੈਂਸ ਰਿੰਗ 'ਚ ਤੁਹਾਡਾ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ। ਮੈਂ ਮੈਰੀਕਾਮ ਦੀ ਤਰ੍ਹਾਂ ਇਕ ਸੰਪੂਰਨ ਬਾਕਸਰ ਬਣਨਾ ਚਾਹੁੰਦੀ ਹਾਂ ਅਤੇ ਮੈਂ ਚਾਂਦੀ ਦੇ ਤਮਗੇ ਤੋਂ ਖੁਸ਼ ਹਾਂ।