ਮਨੀਸ਼ ਰਾਵਤ ਨੇ 35 ਕਿ. ਮੀ. ਪੈਦਲ ਚਾਲ ਦਾ ਜਿੱਤਿਆ ਸੋਨ ਤਮਗਾ

02/15/2021 3:08:13 AM

ਰਾਂਚੀ– ਓਲੰਪੀਅਨ ਮਨੀਸ਼ ਰਾਵਤ ਨੇ ਐਤਵਾਰ ਨੂੰ ਇੱਥੇ ਰਾਸ਼ਟਰੀ ਓਪਨ ਪੈਦਲ ਚਾਲ ਚੈਂਪੀਅਨਸ਼ਿਪ ਦੇ ਦੂਜੇ ਤੇ ਆਖਰੀ ਦਿਨ ਪੁਰਸ਼ ਵਰਗ ਦੀ ਸ਼ੁਰੂਆਤੀ 35 ਕਿ. ਮੀ. ਪ੍ਰਤੀਯੋਗਿਤਾ ਵਿਚ ਜਿੱਤ ਹਾਸਲ ਕੀਤੀ। ਉੱਤਰਾਖੰਡ ਦੇ ਰਾਵਤ ਨੇ ਤਾਮਿਲਨਾਡੂ ਦੇ ਗਣਪਤੀ ਕ੍ਰਿਸ਼ਣਨ ਨੂੰ 9 ਮਿੰਟ ਦੇ ਫਰਕ ਨਾਲ ਆਸਾਨੀ ਨਾਲ ਪਛਾੜ ਦਿੱਤਾ। ਉਸ ਨੇ 2 ਘੰਟੇ 49 ਮਿੰਟ 12 ਸੈਕੰਡ ਦਾ ਸਮਾਂ ਕੱਢਿਆ, ਹਾਲਾਂਕਿ ਉਹ ਅਗਲੇ ਸਾਲ ਦੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਇੰਗ ਮਾਪਦੰਡ 2 ਘੰਟੇ 35 ਮਿੰਟ ਦੇ ਸਮੇਂ ਤੋਂ ਬਾਹਰ ਹੀ ਰਿਹਾ। ਵਿਸ਼ਵ ਐਥਲੈਟਿਕਸ ਦੇ ਟੋਕੀਓ ਓਲੰਪਿਕ ਤੋਂ ਬਾਅਦ 50 ਕਿਲੋਮੀਟਰ ਪੈਦਲ ਚਾਲ ਪ੍ਰਤੀਯੋਗਿਤਾ ਹਟਾਉਣ ਦੇ ਫੈਸਲੇ ਨੂੰ ਦੇਖਦੇ ਹੋਏ ਭਾਰਤ ਵਿਚ ਪਹਿਲੀ ਵਾਰ 35 ਕਿਲੋਮੀਟਰ ਪੈਦਲ ਚਾਲ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਐਂਟਰੀਆਂ ਦੀ ਕਮੀ ਦੀ ਵਜ੍ਹਾ ਨਾਲ ਮਹਿਲਾਵਾਂ ਦੀ 35 ਕਿ. ਮੀ. ਪੈਦਲ ਚਾਲ ਪ੍ਰਤੀਯੋਗਿਤਾ ਆਯੋਜਿਤ ਨਹੀਂ ਕੀਤੀ ਜਾ ਸਕੀ।
ਪੰਜਾਬ ਦੇ 36 ਸਾਲਾ ਗੁਰਪ੍ਰੀਤ ਸਿੰਘ ਨੇ ਪੁਰਸ਼ਾਂ ਦੀ 50 ਕਿ. ਮੀ. ਪੈਦਲ ਚਾਲ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤਿਆ, ਜਿਸ ਵਿਚ ਉਸ ਨੇ 3 ਘੰਟੇ 59 ਮਿੰਟ 42 ਸੈਕੰਡ ਦਾ ਵਿਅਕਤੀਗਤ ਸਰਵਸ੍ਰੇਸ਼ਠ ਸਮਾਂ ਕੱਢਿਆ। ਉਹ ਚਾਰ ਘੰਟੇ ਤੋਂ ਘੱਟ ਸਮੇਂ ਵਿਚ ਇਹ ਦੂਰੀ ਪਾਰ ਕਰਨ ਵਾਲਾ 5ਵਾਂ ਭਾਰਤੀ ਬਣ ਗਿਆ। ਗੁਰਪ੍ਰੀਤ ਦਾ ਸਮਾਂ ਟੋਕੀਓ ਓਲੰਪਿਕ ਦੇ ਕੁਆਲੀਫਾਇੰਗ ਸਮੇਂ ਤੋਂ 3 ਘੰਟੇ 50 ਮਿੰਟ ਤੋਂ 9 ਮਿੰਟ ਵੱਧ ਰਿਹਾ। ਹੁਣ ਤਕ ਭਾਰਤ ਦੇ ਕੁੱਲ 5 ਪੈਦਲ ਚਾਲ ਐਥਲੀਟਾਂ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News