ਫਰੀਦਕੋਟ ਦੇ ਪਿੰਡ ਘਣੀਆਂ ਵਾਲਾ ਦੇ ਮਨਦੀਪ ਨੇ ਇੰਟਰਨੈਸ਼ਨਲ ਬਾਡੀ ਬਿਲਡਿੰਗ ਮੁਕਾਬਲੇ ''ਚ ਜਿਤਿਆ ਗੋਲਡ ਮੈਡਲ
Saturday, Dec 17, 2022 - 07:43 PM (IST)
ਫਰੀਦਕੋਟ (ਜਗਤਾਰ ਦੁਸਾਂਝ)- ਫ਼ਰੀਦਕੋਟ ਜਿਲੇ ਦੇ ਪਿੰਡ ਘਣੀਆ ਵਾਲਾ ਦੇ ਖਿਡਾਰੀ ਅਤੇ ਪੰਜਾਬ ਪੁਲਸ ਦੇ ਮੁਲਾਜ਼ਮ ਮਨਦੀਪ ਸਿੰਘ ਨੇ FIF ਇੰਟਰਨੈਸ਼ਨਲ ਬਾਡੀਬਿਲਡਿੰਗ ਮੁਕਾਬਲੇ ਵਿਚ ਗੋਲਡ ਮੈਡਲ ਹਾਸਿਲ ਕਰਕੇ ਜ਼ਿਲੇ ਦਾ ਨਾਂ ਰੌਸ਼ਨ ਕੀਤਾ ਹੈ। ਬੀਤੇ ਦਿਨੀਂ ਮਲੇਸ਼ੀਆ ਵਿੱਖੇ FIF ਇੰਟਰਨੈਸ਼ਨਲ ਵੱਲੋ ਮਿਸਟਰ ਏਸ਼ੀਆ (ਮੋਰਟਲ ਬੈਟਲ) ਅਤੇ Men's ਫਿਜ਼ਿਕ ਦੇ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਵਿੱਚ ਭਾਰਤ ਸਮੇਤ ਥਾਈਲੈਂਡ, ਸਿੰਘਾਪੁਰ, ਮਲੇਸ਼ੀਆ, ਵੀਅਤਨਾਮ, ਦੁਬਈ, ਆਸਟਰੇਲੀਆ ਅਤੇ ਨਿਊਜ਼ੀਲੈਂਡ ਆਦਿ ਦੇ ਐਥਲੀਟਾਂ ਵੱਲੋ ਹਿੱਸਾ ਲਿਆ ਜਿਸ ਦੀ ਅਗਵਾਈ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਡੈਨਿਸ ਟਿਉ, ਇੰਟਰਨੈਸ਼ਨਲ ਐਥਲੀਟ ਡਾਇਰੈਕਟਰ ਮਨਵੀਰ ਮੰਡੇਰ ਅਤੇ ਭਾਰਤ ਦੇ ਪ੍ਰੈਜ਼ੀਡੈਂਟ ਹਰਮਿੰਦਰ ਦੂਲੋਵਾਲ ਵੱਲੋਂ ਕੀਤੀ ਗਈ।
ਇਨ੍ਹਾਂ ਮੁਕਾਬਲਿਆਂ ਵਿਚ ਭਾਰਤ ਦੇ ਵੱਖ ਵੱਖ ਸੂਬਿਆਂ ਦੇ 12 ਖਿਡਾਰੀਆਂ ਨੇ 7 ਗੋਲਡ, 5 ਚਾਂਦੀ ਅਤੇ 7 ਕਾਂਸੀ ਦੇ ਮੈਡਲ ਜਿੱਤੇ ਹਨ। ਜ਼ਿਲਾ ਫਰੀਦਕੋਟ ਦੇ ਪਿੰਡ ਘਣੀਆ ਵਾਲਾ ਦੇ ਐਥਲੀਟ ਮਨਦੀਪ ਸਿੰਘ ਨੇ ਇਸ ਮੁਕਾਬਲੇ ਵਿਚ ਗੋਲਡ ਮੈਡਲ ਹਾਸਿਲ ਕਰ ਭਾਰਤ, ਅਤੇ ਪੰਜਾਬ ਦੇ ਜਿਲੇ ਫਰੀਦਕੋਟ ਦਾ ਨਾਂ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ। ਮਨਦੀਪ ਸਿੰਘ ਦਾ ਅੱਜ ਆਪਣੇ ਪਿੰਡ ਪੁੱਜਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਿੰਡ ਵਾਸੀਆਂ ਅਤੇ ਮਾਤਾ ਪਿਤਾ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਤੇ ਪਿੰਡ ਵਲੋਂ ਮਨਦੀਪ 'ਤੇ ਮਾਣ ਮਹਿਸੂਸ ਕੀਤਾ ਗਿਆ।
ਇਸ ਮੌਕੇ ਮਨਦੀਪ ਸਿੰਘ ਦੇ ਪਿਤਾ ਅਜੀਤ ਸਿੰਘ ਨੇ ਕਿਹਾ ਕਿ ਆਪਣੇ ਪੁੱਤਰ ਦੀ ਇਸ ਸਫਲਤਾ 'ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਦੇ ਲੋਕ 'ਚ ਮਨਦੀਪ ਦੀ ਇਸ ਸਫਲਤਾ 'ਤੇ ਬਹੁਤ ਖੁਸ਼ ਹਨ। ਸਰਕਾਰ ਨੂੰ ਵੀ ਖੇਡਾਂ ਦੇ ਖੇਤਰ 'ਚ ਧਿਆਨ ਦੇਣਾ ਚਾਹੀਦਾ ਹੈ। ਖੇਡਾਂ 'ਚ ਜਾਣ ਨਾਲ ਪਿੰਡ ਦੇ ਨੌਜਵਾਨ ਨਸ਼ੇ ਤੋਂ ਦੂਰ ਰਹਿ ਸਕਦੇ ਹਨ। ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਚੰਗੇ ਪਾਸੇ ਲੱਗ ਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ।