ਕੋਵਿਡ-19 ਮਹਾਮਾਰੀ ਕਾਰਨ ਭਾਰਤੀ ਬੈਡਮਿੰਟਨ ਖਿਡਾਰੀ ਮਲੇਸ਼ੀਆ ਓਪਨ ਤੋਂ ਹਟੇ
Friday, May 07, 2021 - 06:38 PM (IST)
ਸਪੋਰਟਸ ਡੈਸਕ— ਕੋਵਿਡ-19 ਮਹਾਮਾਰੀ ਕਰਾਨ ਮਲੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਤੋਂ ਭਾਰਤੀ ਟੀਮ ਨੇ ਨਾਂ ਵਾਪਸ ਲੈ ਲਿਆ ਹੈ। ਜਾਣਕਾਰੀ ਮੁਤਾਬਕ ਭਾਰਤੀ ਬੈਡਮਿੰਟਨ ਟੀਮ ਹੁਣ ਮਲੇਸ਼ੀਆ ਓਪਨ ਵਿਚ ਖੇਡਣ ਨਹੀਂ ਜਾਵੇਗੀ। ਟੂਰਨਾਮੈਂਟ 25 ਤੋਂ 30 ਮਈ ਦਰਮਿਆਨ ਕਰਵਾਇਆ ਜਾਣਾ ਹੈ।
ਦਰਅਸਲ ਭਾਰਤ ਵਿਚ ਇਸ ਸਮੇਂ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹਰ ਦਿਨ ਹੁਣ ਇਸ ਵਾਇਰਸ ਨਾਲ ਪੀੜਤ ਹੋਣ ਵਾਲਿਆਂ ਦੀ ਗਿਣਤੀ ਚਾਰ ਲੱਖ ਦੇ ਨੇੜੇ ਹੋਣ ਲੱਗੀ ਹੈ। ਮਹਾਮਾਰੀ ਇਸ ਤਰ੍ਹਾਂ ਫੈਲਣ ਕਾਰਨ ਹੀ ਕਈ ਦੇਸ਼ਾਂ ਨੇ ਭਾਰਤ ਤੋਂ ਉਨ੍ਹਾਂ ਦੇ ਦੇਸ਼ ਵਿਚ ਜਾਣ ਵਾਲੀਆਂ ਉਡਾਣਾਂ ਨੂੰ ਕੁਝ ਸਮੇਂ ਲਈ ਰੋਕਣ ਦਾ ਫ਼ੈਸਲਾ ਲਿਆ ਹੈ। ਭਾਰਤ ਤੋਂ ਮਲੇਸ਼ੀਆ ਜਾਣ ਵਾਲੀ ਫਲਾਈਟ 'ਤੇ ਵੀ ਅਗਲੇ ਕੁਝ ਦਿਨ ਲਈ ਪਾਬੰਦੀ ਲਾਉਣ ਦੀ ਖ਼ਬਰ ਹੈ। ਮਲੇਸ਼ੀਆ ਸਰਕਾਰ ਵੱਲੋਂ ਇਸ ਕਦਮ ਦੇ ਉਠਾਏ ਜਾਣ ਤੋਂ ਬਾਅਦ ਭਾਰਤੀ ਬੈਡਮਿੰਟਨ ਖਿਡਾਰੀਆਂ ਨੂੰ ਮਲੇਸ਼ੀਆ ਜਾਣ ਨੂੰ ਲੈ ਕੇ ਸ਼ੱਕ ਬਣਦਾ ਨਜ਼ਰ ਆ ਰਿਹਾ ਸੀ। ਵੀਰਵਾਰ ਨੂੰ ਹੀ ਇਹ ਖ਼ਬਰ ਆਈ ਕਿ ਭਾਰਤੀ ਟੀਮ ਨੇ ਇਸ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ।