ਮਲੇਸ਼ੀਆ ਓਪਨ : ਸਿੰਧੂ, ਸਾਇਨਾ ਤੇ ਪ੍ਰਣਯ ਪੇਸ਼ ਕਰਨਗੇ ਚੁਣੌਤੀ
Tuesday, Jun 28, 2022 - 11:35 AM (IST)

ਕੁਆਲਾਲੰਪੁਰ- ਭਾਰਤ ਦੀ ਸਟਾਰ ਖਿਡਾਰਨ ਪੀ. ਵੀ. ਸਿੰਧੂ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਮਲੇਸ਼ੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿਚ ਇੰਡੋਨੇਸ਼ੀਆ ਵਿਚ ਪਹਿਲੇ ਗੇੜ ਵਿਚ ਮਿਲੀ ਹਾਰ ਤੋਂ ਬਾਅਦ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ ਜਦਕਿ ਐੱਚ. ਐੱਸ. ਪ੍ਰਣਯ ਦੀਆਂ ਨਜ਼ਰਾਂ ਪ੍ਰਦਰਸ਼ਨ ਵਿਚ ਨਿਰੰਤਰਤਾ ਕਾਇਮ ਰੱਖਣ 'ਤੇ ਟਿਕੀਆਂ ਹੋਣਗੀਆਂ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ : ਧਿਆਨ ਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘ ਦਾ ਦਿਹਾਂਤ
ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਸਿੰਧੂ ਨੂੰ ਇਸੇ ਮਹੀਨੇ ਇੰਡੋਨੇਸ਼ੀਆ ਓਪਰ ਸੁਪਰ 1000 ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਚੀਨ ਦੀ ਹੀ ਬਿੰਗ ਜਿਆਓ ਖ਼ਿਲਾਫ਼ ਮਹਾਰ ਸਹਿਣੀ ਪਈ ਸੀ ਤੇ ਉਹ ਇਸ ਹਾਰ ਤੋਂ ਬਾਅਦ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗੀ। ਸਿੰਧੂ ਨੇ ਚੋਚੁਵੋਂਗ ਖ਼ਿਲਾਫ਼ ਪੰਜ ਮੁਕਾਬਲਿਆਂ ਵਿਚ ਜਿੱਤ ਦਰਜ ਕੀਤੀ ਹੈ ਜਦਕਿ ਤਿੰਨ ਮੁਕਾਬਲਿਆਂ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਿੰਧੂ ਨੂੰ ਟੂਰਨਾਮੈਂਟ ਵਿਚ ਅੱਗੇ ਵਧਣ 'ਤੇ ਚੀਨ ਦੀ ਓਲੰਪਿਕ ਚੈਂਪੀਅਨ ਚੇਨ ਯੂ ਫੇਈ ਨਾਲ ਭਿੜਨਾ ਪੈ ਸਕਦਾ ਹੈ। ਸਾਇਨਾ ਨੇਹਵਾਲ ਆਪਣੀ ਮੁਹਿੰਮ ਅਮਰੀਕਾ ਦੀ ਆਇਰਿਸ ਵੈਂਗ ਖ਼ਿਲਾਫ਼ ਸ਼ੁਰੂ ਕਰੇਗੀ।
ਪੁਰਸ਼ ਸਿੰਗਲਜ਼ ਵਿਚ ਪ੍ਰਣਯ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਤੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਤੋਂ ਕਈ ਟੂਰਨਾਮੈਂਟਾਂ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਚੁੱਕੇ ਹਨ। ਖ਼ਿਤਾਬ ਦੇ ਪੰਜ ਸਾਲ ਦੇ ਸੋਕੇ ਨੂੰ ਖ਼ਤਮ ਕਰਨ 'ਤੇ ਨਜ਼ਰਾਂ ਟਿਕਾਈ ਬੈਠੇ ਪ੍ਰਣਯ ਨੂੰ ਮਲੇਸ਼ੀਆ ਦੇ ਤਜਰਬੇਕਾਰ ਡੇਰੇਨ ਲਿਊ ਦਾ ਸਾਹਮਣਾ ਕਰਨਾ ਪਵੇਗਾ। ਜਿਨ੍ਹਾਂ ਨੇ ਇਸ ਸਾਲ ਮਈ ਵਿਚ ਥਾਈਲੈਂਡ ਓਪਨ ਵਿਚ ਭਾਰਤੀ ਖਿਡਾਰੀ ਨੂੰ ਹਰਾਇਆ। ਬੀ ਸਾਈ ਪ੍ਰਣੀਤ ਨੂੰ ਛੇਵਾਂ ਦਰਜਾ ਹਾਸਲ ਇੰਡੋਨੇਸ਼ੀਆ ਦੇ ਏਂਥੋਨੀ ਸਿਨਿਸੁਟਾ ਗਿਨਟਿੰਗ, ਜਦਕਿ ਸਮੀਰ ਵਰਮਾ ਨੂੰ ਇੰਡੋਨੇਸ਼ੀਆ ਦੇ ਹੀ ਸੱਤਵਾਂ ਦਰਜਾ ਜੋਨਾਥਨ ਕ੍ਰਿਸਟੀ ਨਾਲ ਪਹਿਲੇ ਗੇੜ ਵਿਚ ਮੁਕਾਬਲਾ ਕਰਨਾ ਹੈ। ਪਾਰੂਪੱਲੀ ਕਸ਼ਯਪ ਪਹਿਲੇ ਗੇੜ ਵਿਚ ਕੋਰੀਆ ਦੇ ਹਿਯੋ ਕਵਾਂਗ ਖ਼ਿਲਾਫ਼ ਉਤਰਨਗੇ।
ਇਹ ਵੀ ਪੜ੍ਹੋ : ਐਜਬੈਸਟਨ ਟੈਸਟ : ਕੋਰੋਨਾ ਪੀੜਤ ਰੋਹਿਤ ਸ਼ਰਮਾ ਦੀ ਜਗ੍ਹਾ ਲਵੇਗਾ ਇਹ ਖਿਡਾਰੀ
ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਦੁਨੀਆ ਦੀ ਅੱਠਵੇਂ ਨੰਬਰ ਦੀ ਜੋੜੀ ਫਿਟਨੈੱਸ ਮੁੱਦਿਆਂ ਕਾਰਨ ਪਿਛਲੇ ਦੋ ਟੂਰਨਾਮੈਂਟਾਂ ਤੋਂ ਬਾਹਰ ਰਹਿਣ ਤੋਂ ਬਾਅਦ ਵਾਪਸੀ ਕਰ ਰਹੀ ਹੈ। ਇਸ ਜੋੜੀ ਨੇ ਮੈਨ ਵੇਈ ਚੋਂਗ ਤੇ ਕੇਈ ਵੁਨ ਟੀ ਦੀ ਮਲੇਸ਼ੀਆ ਦੀ ਜੋੜੀ ਨਾਲ ਭਿੜਨਾ ਹੈ। ਮਿਕਸਡ ਡਬਲਜ਼ ਵਿਚ ਅਸ਼ਵਿਨੀ ਪੋਨੱਪਾ ਤੇ ਬੀ ਸੁਮਿਤ ਰੈੱਡੀ ਦਾ ਸਾਹਮਣਾ ਪਹਿਲੇ ਗੇੜ ਵਿਚ ਨੀਦਰਲੈਂਡ ਦੇ ਰਾਬਿਨ ਟੇਬਲਿੰਗ ਤੇ ਸੇਲੇਨਾ ਪੀਕ ਨਾਲ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।