AITA ਵੱਲੋਂ ਅਪਣਾਏ ਗਏ ਰੁਖ ਤੋਂ ਬਾਅਦ ਭੂਪਤੀ ਨੇ ਦਿੱਤਾ ਇਹ ਬਿਆਨ
Thursday, Nov 28, 2019 - 03:59 PM (IST)

ਮੁੰਬਈ— ਭਾਰਤ ਦੇ ਸਾਬਕਾ ਡੇਵਿਸ ਕੱਪ ਕਪਤਾਨ ਮਹੇਸ਼ ਭੂਪਤੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਰਾਸ਼ਟਰੀ ਮਹਾਸੰਘ ਤੋਂ ਉਨ੍ਹਾਂ ਨੂੰ ਬਰਖਾਸਤ ਕਰਨ ਦੇ ਤਰੀਕੇ ਦੇ ਦੁਖ ਤੋਂ ਉਭਰ ਨਹੀਂ ਸਕੇ ਹਨ ਪਰ ਪਿਛਲੇ ਦੋ ਦਹਾਕਿਆਂ ਤੋਂ ਖਿਡਾਰੀਆਂ ਦੇ ਨਾਲ ਅਦਾਰੇ ਦੇ ਇਸ ਤਰ੍ਹਾਂ ਦੇ ਵਤੀਰੇ ਨੂੰ ਦੇਖਦੇ ਹੋਏ ਇਹ ਹੈਰਾਨੀ ਵਾਲੀ ਗੱਲ ਨਹੀਂ ਸੀ।
ਭੂਪਤੀ ਦੇ ਸੁਰੱਖਿਆ ਸਬੰਧਤ ਚਿੰਤਾਵਾਂ ਦੇ ਕਾਰਨ ਡੇਵਿਸ ਕੱਪ ਦੇ ਲਈ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਇਨਕਾਰ ਕਰਨ ਦੇ ਬਾਅਦ ਸਰਬ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਨੇ ਉਨ੍ਹਾਂ ਨੂੰ ਕਪਤਾਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਇਹ ਮੁਕਾਬਲਾ ਹੁਣ ਸ਼ੁੱਕਰਵਾਰ ਨੂੰ ਕਜ਼ਾਖਸਤਾਨ ਦੇ ਨੂਰ ਸੁਲਤਾਨ 'ਚ ਸ਼ੁਰੂ ਹੋਵੇਗਾ। ਭੂਪਤੀ ਨੇ ਇੱਥੇ ਉਸ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ, ''ਮੈਂ ਅਜੇ ਵੀ ਰੋਜ਼ਾਨਾ ਲੜਕਿਆਂ (ਖਿਡਾਰੀਆਂ) ਦੇ ਸੰਪਰਕ 'ਚ ਹਾਂ। ਮਹਾਸੰਘ ਨੇ ਮੇਰੇ ਪ੍ਰਤੀ ਜੋ ਵਤੀਰਾ ਅਪਣਾਇਆ, ਮੈਂ ਉਸ ਤੋਂ ਨਿਰਾਸ਼ ਸੀ। ਜਦੋਂ ਉਹ ਮੈਨੂੰ ਕਪਤਾਨ ਬਣਾਉਣਾ ਚਾਹੁੰਦੇ ਸਨ ਤਾਂ ਉਹ ਮੇਰੇ ਨਾਲ ਬੈਠਕ ਲਈ ਹੈਦਰਾਬਾਦ ਤਕ ਪਹੁੰਚੇ ਸਨ।'' ਉਨ੍ਹਾਂ ਕਿਹਾ, '' ਕਪਤਾਨੀ 'ਚੋਂ ਹਟਾਉਣ ਨਾਲ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਉਹ ਮੈਨੂੰ ਘੱਟੋ-ਘੱਟੋ ਇਕ ਫੋਨ ਤਾਂ ਕਰ ਸਕਦੇ ਸਨ।''