ਲਵਲੀਨਾ, ਸਵੀਟੀ ਤੇ ਪ੍ਰਵੀਨ ਨੇ ਏਸ਼ੀਅਨ ਚੈਂਪੀਅਨਸ਼ਿਪ ''ਚ ਜਿੱਤਿਆ ''ਗੋਲਡ'', ਮੀਨਾਕਸ਼ੀ ਨੂੰ ਚਾਂਦੀ ਦਾ ਤਮਗਾ

11/12/2022 1:00:42 AM

ਸਪੋਰਟਸ ਡੈਸਕ : ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਸਵੀਟੀ ਬੂਰਾ ਅਤੇ ਪ੍ਰਵੀਨ ਹੁੱਡਾ ਨੇ ਸ਼ੁੱਕਰਵਾਰ ਨੂੰ ਏ. ਐੱਸ. ਬੀ. ਸੀ. ਏਸ਼ੀਅਨ ਚੈਂਪੀਅਨਸ਼ਿਪ ਵਿਚ ਆਪੋ-ਆਪਣੇ ਫ਼ਾਈਨਲ ਮੁਕਾਬਲੇ ਜਿੱਤ ਕੇ ਸੋਨ ਤਮਗੇ ਜਿੱਤੇ। ਟੋਕੀਓ ਓਲੰਪਿਕ 2020 ਦੀ ਕਾਂਸੀ ਤਮਗਾ ਜੇਤੂ ਲਵਲੀਨਾ ਨੇ ਔਰਤਾਂ ਦੇ 75 ਕਿਲੋਗ੍ਰਾਮ ਫਾਈਨਲ ਮੁਕਾਬਲੇ ਵਿਚ ਉਜ਼ਬੇਕਿਸਤਾਨ ਦੀ ਰੁਜ਼ਮੇਤੋਵਾ ਸੋਖੀਬਾ ਨੂੰ 5-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਏਸ਼ੀਅਨ ਚੈਂਪੀਅਨਸ਼ਿਪ ਵਿਚ ਲਵਲੀਨਾ ਦਾ ਇਹ ਪਹਿਲਾ ਸੋਨ ਤਮਗਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਉਸ ਨੇ 2017 ਅਤੇ 2021 ਵਿਚ ਕਾਂਸੀ ਦੇ ਤਮਗੇ ਜਿੱਤੇ ਹਨ।

ਲਵਲੀਨਾ ਦੀ ਹਮਵਤਨ ਸਵੀਟੀ (81+ ਕਿਲੋਗ੍ਰਾਮ) ਨੇ ਫ਼ਾਈਨਲ ਵਿਚ ਕਜ਼ਾਕਿਸਤਾਨ ਦੀ ਗੁਲਸਾਯਾ ਯੇਰਜ਼ਾਨ ਨੂੰ 5-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਸਵੀਟੀ ਨੇ ਏਸ਼ਿਆਈ ਚੈਂਪੀਅਨਸ਼ਿਪ ਵਿਚ ਵੀ ਪਹਿਲੀ ਵਾਰ ਸੋਨ ਤਮਗਾ ਜਿੱਤਿਆ ਸੀ, ਜਦਕਿ ਇਸ ਤੋਂ ਪਹਿਲਾਂ ਉਹ 2015 ਵਿਚ ਚਾਂਦੀ ਅਤੇ 2021 ਵਿਚ ਕਾਂਸੀ ਦਾ ਤਗ਼ਮਾ ਜਿੱਤ ਚੁੱਕੀ ਹੈ। ਦੂਜੇ ਪਾਸੇ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਦਾ ਤਗ਼ਮਾ ਜੇਤੂ ਪ੍ਰਵੀਨ ਨੇ ਲੜਕੀਆਂ ਦੇ 63 ਕਿਲੋਗ੍ਰਾਮ ਦੇ ਫ਼ਾਈਨਲ ਮੁਕਾਬਲੇ ਵਿਚ ਜਾਪਾਨ ਦੀ ਕਿਟੋ ਮੈ ਨੂੰ 5-0 ਨਾਲ ਹਰਾਇਆ। ਪ੍ਰਵੀਨ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਨਹੀਂ ਬਣ ਸਕੀ ਪਰ ਇੱਥੇ ਉਸ ਨੇ ਚੌਥਾ ਦਰਜਾ ਪ੍ਰਾਪਤ ਕੀਟੋ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ।

ਇਹ ਖ਼ਬਰ ਵੀ ਪੜ੍ਹੋ - ਟੀਮ ਇੰਡੀਆ 'ਚ ਵੱਡੇ ਬਦਲਾਅ ਦੇ ਆਸਾਰ, 2 ਸਾਲਾਂ 'ਚ ਹਟਣਗੇ ਸੀਨੀਅਰ ਖਿਡਾਰੀ : ਰਿਪੋਰਟ

ਦੋਵੇਂ ਮੁੱਕੇਬਾਜ਼ਾਂ ਨੇ ਬਾਊਟ ਦੀ ਸ਼ੁਰੂਆਤ ਹਮਲਾਵਰ ਢੰਗ ਨਾਲ ਕੀਤੀ। ਪਹਿਲੇ ਦੌਰ ਵਿਚ ਹਾਰਨ ਤੋਂ ਬਾਅਦ ਜਾਪਾਨੀ ਮੁੱਕੇਬਾਜ਼ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪਰਵੀਨ ਦੇ ਅਪਰ-ਕਟ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ। ਇਸ ਦੌਰਾਨ ਮੀਨਾਕਸ਼ੀ ਨੇ ਚਾਂਦੀ ਦੇ ਤਮਗੇ ਨਾਲ ਆਪਣੀ ਪਹਿਲੀ ਏਸ਼ਿਆਈ ਚੈਂਪੀਅਨਸ਼ਿਪ ਖ਼ਤਮ ਕੀਤੀ। ਔਰਤਾਂ ਦੇ 52 ਕਿਲੋਗ੍ਰਾਮ ਦੇ ਫ਼ਾਈਨਲ ਵਿਚ ਮਿਨਾਕਸ਼ੀ ਦਾ ਸਾਹਮਣਾ ਜਾਪਾਨ ਦੀ ਕਿਨੋਸ਼ੀਤਾ ਰਿੰਕਾ ਨਾਲ ਹੋਇਆ, ਜਿੱਥੇ ਜਾਪਾਨੀ ਮੁੱਕੇਬਾਜ਼ ਨੇ 4-1 ਨਾਲ ਜਿੱਤ ਦਰਜ ਕੀਤੀ। ਮੀਨਾਕਸ਼ੀ ਪਹਿਲੇ ਦੌਰ ਵਿਚ ਸੁਸਤ ਨਜ਼ਰ ਆਈ, ਜਦੋਂ ਕਿ ਕਿਨੋਸ਼ਿਤਾ ਨੇ ਜੋਸ਼ ਨਾਲ ਆਪਣੇ ਮੁੱਕੇ ਮਾਰੇ। ਭਾਰਤੀ ਮੁੱਕੇਬਾਜ਼ ਨੇ ਦੂਜੇ ਦੌਰ ਦੇ ਆਖ਼ਰੀ ਪਲਾਂ ਵਿਚ ਚੰਗੀ ਵਾਪਸੀ ਕੀਤੀ ਪਰ ਇਸ ਨਾਲ ਉਹ ਪੰਜ 'ਚੋਂ ਸਿਰਫ਼ ਇਕ ਜੱਜ ਦਾ ਫ਼ੈਸਲਾ ਆਪਣੇ ਪੱਖ 'ਚ ਕਰ ਸਕੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News