ਲੋਕਪਾਲ ਨੇ ਰਜਤ ਸ਼ਰਮਾ ਨੂੰ DDCA ਮੁਖੀ ਅਹੁਦਾ ਛੱਡਣ ਦੀ ਮਨਜ਼ੂਰੀ ਦਿੱਤੀ

11/30/2019 12:24:48 PM

ਨਵੀਂ ਦਿੱਲੀ : ਦਿੱਲੀ ਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਦੇ ਲੋਕਪਾਲ ਜੱਜ (ਰਿਟਾ.) ਬਦਰ ਦੁਰੇਜ ਅਹਿਮਦ ਨੇ ਸ਼ੁੱਕਰਵਾਰ ਸੀਨੀਅਰ ਪੱਤਰਕਾਰ ਰਜਤ ਸ਼ਰਮਾ ਦਾ ਡੀ. ਡੀ. ਸੀ. ਏ. ਮੁਖੀ ਅਹੁਦੇ ਤੋਂ ਅਸਤੀਫਾ ਮਨਜ਼ੂਰ ਕਰ ਦਿੱਤਾ। ਉਸ ਨੇ ਲੱਗਭਗ 2 ਹਫਤੇ ਤਕ ਇਸ ਨੂੰ ਮਨਜ਼ੂਰ ਨਹੀਂ ਕੀਤਾ ਸੀ। ਸ਼ਰਮਾ ਨੇ ਸੰਗਠਨ ਦੇ ਅੰਦਰ 'ਕਾਫੀ ਖਿੱਚੋਤਾਣ ਤੇ ਦਬਾਅ' ਦਾ ਹਵਾਲਾ ਦੇ ਕੇ 16 ਨਵੰਬਰ ਨੂੰ ਅਸਤੀਫਾ ਦੇ ਦਿੱਤਾ ਸੀ। ਅਹਿਮਦ ਨੇ ਇਸ ਤੋਂ ਇਕ ਦਿਨ ਬਾਅਦ ਉਸ ਦੇ ਅਸਤੀਫੇ 'ਤੇ ਰੋਕ ਲਾ ਦਿੱਤੀ ਸੀ ਪਰ ਇਸ ਸੀਨੀਅਰ ਪੱਤਰਕਾਰ ਦੇ ਫਿਰ ਤੋਂ ਬੇਨਤੀ ਕਰਨ 'ਤੇ ਉਸ ਨੂੰ ਆਖਿਰ  ਸਵੀਕਾਰ ਕਰ ਦਿੱਤਾ। ਸ਼ਰਮਾ ਨੇ ਕਿਹਾ, ''ਮੈਂ ਅੱਜ ਸਵੇਰੇ ਉਸ ਨੂੰ ਲਿਖਿਆ ਸੀ ਤੇ ਮੈਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਬੇਨਤੀ ਕੀਤੀ ਸੀ।'' ਅਹਿਮਦ ਨੂੰ ਭੇਜੇ ਗਏ ਆਪਣੇ ਪੱਤਰ ਵਿਚ ਸ਼ਰਮਾ ਨੇ ਲਿਖਿਆ ਹੈ ਕਿ ਉਹ ਅਜਿਹੇ ਸੰਗਠਨ ਵਿਚ ਨਹੀਂ ਬਣਿਆ ਰਹਿ ਸਕਦਾ, ਜਿਥੇ 'ਅਰਾਜਕਤਾ'ਦੀ ਸਥਿਤੀ ਹੋਵੇ।

PunjabKesari

ਉਸ ਨੇ ਲਿਖਿਆ, ''ਮੈਂ 16 ਨਵੰਬਰ ਨੂੰ ਡੀ. ਡੀ. ਸੀ. ਏ. ਮੁਖੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਸ ਦਾ ਕਾਰਣ ਮੈਂ ਆਪਣੇ ਪੱਤਰ ਵਿਚ ਦੱਸਿਆ ਹੈ। ਮੈਂ ਹਾਲਾਂਕਿ ਲੋਕਪਾਲ ਦੇ ਨਿਰਦੇਸ਼ਾਂ ਦਾ ਸਨਮਾਨ ਕਰਦੇ ਹੋਏ ਅਹੁਦੇ 'ਤੇ ਬਣਿਆ ਰਿਹਾ ਹਾਂ ਤੇ ਜਿਸ ਨੂੰ ਬਾਅਦ ਵਿਚ ਹਾਈਕੋਰਟ ਨੇ ਵੀ ਦੁਹਰਾਇਆ। ਹਾਲਾਂਕਿ ਡੀ. ਡੀ. ਸੀ. ਏ. ਵਿਚ ਸਥਿਤੀ ਪੂਰੀ ਤਰ੍ਹਾਂ ਨਾਲ ਅਰਾਜਕ ਹੈ ਤੇ ਅਜਿਹੀ ਹਾਲਤ ਵਿਚ ਮੇਰੇ ਲਈ ਮੁਖੀ ਅਹੁਦੇ 'ਤੇ ਬਣੇ ਰਹਿਣਾ ਅਸੰਭਵ ਹੈ।'' ਸ਼ਰਮਾ ਦਾ ਲੱਗਭਗ 20 ਮਹੀਨਿਆਂ ਦਾ ਕਾਰਜਕਾਲ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਇਸ ਵਿਚਾਲੇ ਉਸ ਦੇ ਜਨਰਲ ਸਕੱਤਰ ਵਿਨੋਦ ਤਿਹਾੜਾ ਨਾਲ ਮਤਭੇਦ ਜਨਤਕ ਤੌਰ 'ਤੇ ਸਾਹਮਣੇ ਆਏ। ਤਿਹਾੜਾ ਨੂੰ ਸੰਗਠਨ ਵਿਚ ਚੰਗਾ ਸਮਰਥਨ ਹਾਸਲ ਹੈ।


Related News