ਭਾਰਤ ਲਈ ਚੌਥੇ ਨੰਬਰ ''ਤੇ ਲੋਕੇਸ਼ ਬਿਹਤਰੀਨ ਬਦਲ : ਵੈਂਗਸਰਕਰ
Friday, May 17, 2019 - 01:23 AM (IST)

ਨਵੀਂ ਦਿੱਲੀ- ਸਾਬਕਾ ਕਪਤਾਨ ਦਿਲੀਪ ਵੈਂਗਸਰਕਰ ਨੂੰ ਲੱਗਦਾ ਹੈ ਕਿ ਭਾਰਤ ਵਿਸ਼ਵ ਕੱਪ ਵਿਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਦੇ ਬਦਲ ਦੇ ਰੂਪ 'ਚ ਲੋਕੇਸ਼ ਰਾਹੁਲ ਨੂੰ ਅਜ਼ਮਾ ਸਕਦਾ ਹੈ ਕਿਉਂਕਿ ਉਸ ਦੇ ਕੋਲ ਇੰਗਲੈਂਡ ਦੇ ਹਾਲਾਤ ਵਿਚ ਸਫਲਤਾ ਦਿਵਾਉਣ ਲਈ ਬਿਹਤਰੀਨ ਤਕਨੀਕ ਤੇ ਜਜ਼ਬਾ ਹੈ। ਭਾਰਤੀ ਕ੍ਰਿਕਟ ਦੇ ਸਰਵਸ੍ਰੇਸ਼ਠ ਮੁੱਖ ਚੋਣਕਾਰ ਵੈਂਗਸਰਕਰ ਨੂੰ ਭਰੋਸਾ ਹੈ ਕਿ ਵਿਰਾਟ ਕੋਹਲੀ ਦੀ ਟੀਮ ਨੂੰ ਸੈਮੀਫਾਈਨਲ ਤਕ ਪਹੁੰਚਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ ਤੇ ਇਸ ਤੋਂ ਬਾਅਦ ਤੋਂ ਹੀ ਉਸ ਨੂੰ ਚੁਣੌਤੀ ਮਿਲੇਗੀ। ਵਿਸ਼ਵ ਕੱਪ ਤੋਂ ਪਹਿਲਾਂ ਕਈ ਮੌਕੇ ਦਿੱਤੇ ਜਾਣ ਦੇ ਬਾਵਜੂਦ ਅੰਬਾਤੀ ਰਾਇਡੂ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਨਹੀਂ ਬਣਾ ਸਕਿਆ, ਜਿਸ ਨਾਲ ਚੌਥੇ ਨੰਬਰ ਦਾ ਸਥਾਨ ਗਲੇ ਦੀ ਹੱਡੀ ਬਣਿਆ ਹੋਇਆ ਹੈ। ਵੈਂਗਸਰਕਰ ਨੇ ਕਿਹਾ ਕਿ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਦੇ ਰੂਪ 'ਚ ਸਾਡੇ ਕੋਲ ਮਜ਼ਬੂਤੀ ਸਲਾਮੀ ਜੋੜੀ ਹੈ।
ਵਿਰਾਟ ਕੋਹਲੀ ਤੀਸਰੇ ਨੰਬਰ 'ਤੇ ਸ਼ਾਨਦਾਰ ਹਨ। ਮੈਨੂੰ ਲੱਗਦਾ ਹੈ ਕਿ ਲੋਕੇਸ਼ ਰਾਹੁਲ ਚੌਥੇ ਸਥਾਨ ਦੇ ਲਈ ਹੋ ਸਕਦਾ ਹੈ। ਉਸਦੀ ਤਕਨੀਕ ਸ਼ਾਨਦਾਰ ਹੈ ਤੇ ਉਹ ਚੋਟੀ ਦੇ ਤਿੰਨ ਖਿਡਾਰੀਆਂ 'ਚੋਂ ਵਧੀਆ ਬੱਲੇਬਾਜ਼ ਹੋ ਸਕਦਾ ਹੈ। ਮੇਰਾ ਮੰਨਣਾ ਹੈ ਕਿ ਚੌਥੇ ਸਥਾਨ 'ਤੇ ਇਕ ਸਪੈਸ਼ਲਿਸਟ ਬੱਲੇਬਾਜ਼ ਹੋਣਾ ਚਾਹੀਦਾ। ਹਾਲਾਂਕਿ ਵਿਸ਼ਵ ਕੱਪ ਦੇ ਦੌਰਾਨ ਪਿੱਚਾਂ ਦੇ ਸਪਾਟ ਹੋਣ ਦੀ ਉਮੀਦ ਹੈ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਰਾਹੁਲ ਦੀ ਤਕਨੀਕ ਉਸ ਨੂੰ ਫਾਇਦਾ ਪਹੁੰਚਾਵੇਗੀ। ਜੋ ਹਾਲ ਹੀ 'ਚ ਖਤਮ ਹੋਏ ਆਈ. ਪੀ. ਐੱਲ. 'ਚ 593 ਦੌੜਾਂ ਬਣਾ ਕੇ ਦੂਸਰਾ ਚੋਟੀ ਦਾ ਦੌੜਾਂ ਬਣਾਉਣ ਵਾਲਾ ਖਿਡਾਰੀ ਰਿਹਾ।