ਨਿਊਜ਼ੀਲੈਂਡ ਟੀਮ ਨੇ ਲਿਆ ਸੁੱਖ ਦਾ ਸਾਹ, ਲਾਕੀ ਫਰਗਿਊਸਨ ਦਾ ਟੈਸਟ ਨਕਾਰਾਤਮਕ
Sunday, Mar 15, 2020 - 09:32 AM (IST)

ਮੈਲਬੋਰਨ— ਪਿਛਲੇ ਕੁਝ ਦਿਨਾਂ ਵਿਚ ਦੋ ਕ੍ਰਿਕਟਰਾਂ ‘ਤੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਚੁੱਕਾ ਹੈ। ਪਹਿਲਾਂ ਆਸਟ੍ਰੇਲੀਆ ਦੇ ਕੇਨ ਰਿਚਰਡਸਨ ਤੇ ਹੁਣ ਨਿਊਜ਼ੀਲੈਂਡ ਦੇ ਲਾਕੀ ਫਰਗਿਊਸਨ ਇਸ ਦੇ ਘੇਰੇ ਵਿਚ ਸਨ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਫਰਗਿਊਸਨ ਨੂੰ ਆਸਟ੍ਰੇਲੀਆ ਖ਼ਿਲਾਫ਼ ਖੇਡੇ ਗਏ ਪਹਿਲੇ ਵਨ ਡੇ ਮੈਚ ਤੋਂ ਬਾਅਦ ਗਲੇ ਵਿਚ ਦਰਦ ਦੀ ਸ਼ਿਕਾਇਤ ਹੋਈ। ਸ਼ਨੀਵਾਰ ਸ਼ਾਮ ਨੂੰ ਫਰਗਿਊਸਨ ਦਾ ਕੋਰੋਨਾ ਵਾਇਰਸ ਟੈਸਟ ਨੈਗੇਟਿਵ ਪਾਇਆ ਗਿਆ ਜਿਸ ਤੋਂ ਬਾਅਦ ਟੀਮ ਨੇ ਸੁੱਖ ਦਾ ਸਾਹ ਲਿਆ।
ਨਿਊਜ਼ੀਲੈਂਡ ਵੱਲੋਂ ਕਿਹਾ ਗਿਆ ਕਿ ਸਿਹਤ ਸਬੰਧੀ ਪ੍ਰੋਟੋਕਾਲ ਦੇ ਤਹਿਤ ਫਰਗਿਊਸਨ ਨੂੰ ਟੀਮ ਤੋਂ ਵੱਖ ਕਰ ਕੇ ਅਗਲੇ 24 ਘੰਟੇ ਲਈ ਹੋਟਲ ਵਿਚ ਰੱਖ ਦਿੱਤਾ ਗਿਆ ਹੈ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਦੱਖਣੀ ਅਫਰੀਕਾ ਤੋਂ ਇਸੇ ਹਫ਼ਤੇ ਮੁੜੇ ਹਨ।ਆਸਟ੍ਰੇਲੀਆ ਸੀਰੀਜ਼ ਖੇਡਣ ਲਈ ਟੀਮ ਦੇ ਨਾਲ ਪੁੱਜੇ ਫਰਗਿਊਸਨ ਨੇ ਮੈਡੀਕਲ ਟੀਮ ਨੂੰ ਵੀਰਵਾਰ ਨੂੰ ਗਲੇ ਵਿਚ ਦਰਦ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਟੀਮ ਨੇ ਅਹਿਤਿਆਤ ਵਜੋਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਟੈਸਟ ਲਈ ਭੇਜ ਦਿੱਤਾ। ਸ਼ਨੀਵਾਰ ਨੂੰ ਡਾਕਟਰਾਂ ਨੇ ਕੀਵੀ ਗੇਂਦਬਾਜ਼ ਦੇ ਟੈਸਟ ਦੀ ਰਿਪੋਰਟ ਨਕਾਰਾਤਮਕ ਹੋਣ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਰਿਪੋਰਟ : IPL ਹੋਇਆ ਰੱਦ ਤਾਂ 10 ਹਜ਼ਾਰ ਕਰੋੜ ਰੁਪਏ ਦਾ ਝਟਕਾ ਸਹੇਗੀ BCCI