ਮੇਸੀ ਨੇ ਦਾਗਿਆ ਟੂਰਨਾਮੈਂਟ ਦਾ 100ਵਾਂ ਗੋਲ
Wednesday, Jun 27, 2018 - 04:02 PM (IST)

ਮਾਸਕੋ— ਅਰਜਨਟੀਨਾ ਦੇ ਸੁਪਰਸਟਾਰ ਲਿਓਨਿਲ ਮੇਸੀ ਦਾ ਮੰਗਲਵਾਰ ਨੂੰ ਨਾਈਜੀਰੀਆ ਦੇ ਖਿਲਾਫ ਕੀਤੇ ਗਏ ਗੋਲ ਦੇ ਨਾਲ ਹੀ ਫੀਫਾ ਵਿਸ਼ਵ ਕੱਪ 2018 'ਚ ਗੋਲ ਦਾ ਦਾ ਸੈਂਕੜਾ ਵੀ ਪੂਰਾ ਹੋ ਗਿਆ। ਮੇਸੀ ਨੇ ਖੇਡ ਦੇ 14ਵੇਂ ਮਿੰਟ 'ਚ ਆਪਣੇ ਹੁਨਰ ਦਾ ਸ਼ਾਨਦਾਰ ਨਮੂਨਾ ਪੇਸ਼ ਕਰਕੇ ਵਰਤਮਾਨ ਵਿਸ਼ਵ ਕੱਪ 'ਚ ਆਪਣਾ ਖਾਤਾ ਖੋਲਿਆ। ਇਹ ਟੂਰਨਾਮੈਂਟ ਦਾ 100ਵਾਂ ਗੋਲ ਵੀ ਸੀ ਜਿਸ ਨਾਲ ਆਖਰ 'ਚ ਅਰਜਨਟੀਨਾ ਨੇ ਜਿੱਤ ਦੀ ਨੀਂਹ ਰੱਖੀ। ਵਿਸ਼ਵ ਕੱਪ 2018 'ਚ ਪਹਿਲੇ 40 ਮੈਚਾਂ ਤੱਕ ਕੁਲ 105 ਗੋਲ ਹੋ ਚੁੱਕੇ ਹਨ। ਹੁਣ ਜਦਕਿ ਸਿਰਫ 24 ਮੈਚ ਖੇਡੇ ਜਾਣੇ ਬਾਕੀ ਹਨ ਤੱਦ ਲਗਦਾ ਨਹੀਂ ਕਿ 1998 ਅਤੇ 2014 'ਚ ਬਣੇ 171 ਗੋਲ ਦਾ ਰਿਕਾਰਡ ਟੁੱਟ ਸਕੇਗਾ।
ਵਰਤਮਾਨ ਵਿਸ਼ਵ ਕੱਪ 'ਚ ਬੈਲਜੀਅਮ, ਇੰਗਲੈਂਡ ਅਤੇ ਮੇਜ਼ਬਾਨ ਰੂਸ ਦੇ ਨਾਂ 'ਤੇ 8-8 ਗੋਲ ਦਰਜ ਹਨ। ਕੋਸਟਾਰਿਕਾ 32 ਟੀਮਾਂ 'ਚ ਇਕਮਾਤਰ ਟੀਮ ਹੈ ਜੋ ਦੋ ਮੈਚਾਂ 'ਚ ਇਕ ਵੀ ਗੋਲ ਨਹੀਂ ਕਰ ਸਕੀ ਹੈ। ਜਿੱਥੇ ਤਕ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਗੋਲ ਕਰਕੇ ਗੋਲਡਨ ਬੂਟ ਹਾਸਲ ਕਰਨ ਦਾ ਸਵਾਲ ਹੈ ਤਾਂ ਇੰਗਲੈਂਡ ਦੇ ਹੈਰੀ ਕੇਨ ਪੰਜ ਗੋਲ ਕਰਕੇ ਇਸ ਦੌੜ 'ਚ ਸਭ ਤੋਂ ਅੱਗੇ ਬਣੇ ਹੋਏ ਹਨ। ਉਨ੍ਹਾਂ ਤੋਂ ਬਾਅਦ ਬੈਲਜੀਅਮ ਦੇ ਰੋਮੇਲੂ ਲੁਕਾਕੂ ਅਤੇ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਦਾ ਨੰਬਰ ਆਉਂਦਾ ਹੈ। ਇਨ੍ਹਾਂ ਦੋਹਾਂ ਦੇ ਨਾਮ 'ਤੇ 4-4 ਗੋਲ ਦਰਜ ਹਨ।