ਅਜੇਤੂ 99 ਦੌੜਾਂ ਬਣਾਉਣ ਦੇ ਬਾਵਜੂਦ ਵੀ ਲੁਈਸ ਹੋਏ ਟ੍ਰੋਲ, ਆਖਰੀ ਓਵਰ ''ਚ ਹੋਈ ਮਜ਼ੇਦਾਰ ਘਟਨਾ

Wednesday, Jan 08, 2020 - 01:08 PM (IST)

ਅਜੇਤੂ 99 ਦੌੜਾਂ ਬਣਾਉਣ ਦੇ ਬਾਵਜੂਦ ਵੀ ਲੁਈਸ ਹੋਏ ਟ੍ਰੋਲ, ਆਖਰੀ ਓਵਰ ''ਚ ਹੋਈ ਮਜ਼ੇਦਾਰ ਘਟਨਾ

ਬ੍ਰਿਜਟਾਊਨ : ਸਲਾਮੀ ਬੱਲੇਬਾਜ਼ ਏਵਿਨ ਲੁਈਸ 1 ਦੌੜ ਤੋਂ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਪਰ ਉਸ ਦੀਆਂ ਅਜੇਤੂ 99 ਦੌੜਾਂ ਦੀ ਬਦੌਲਤ ਵੈਸਟਇੰਡੀਜ਼ ਨੇ ਮੰਗਲਵਾਰ ਨੂੰ ਕੇਨਸਿੰਗਟਨ ਓਵਲ ਵਿਚ ਪਹਿਲੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਆਇਰਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਲੁਈਸ ਦੀ 99 ਦੌੜਾਂ ਦੀ ਪਾਰੀ ਵਿਚ 13 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਵੈਸਟਇੰਡੀਜ਼ ਨੂੰ ਜਦੋਂ ਜਿੱਤ ਲਈ ਸਿਰਫ 1 ਦੌੜ ਦੀ ਜ਼ਰੂਰਤ ਸੀ ਤਦ ਲੁਈਸ 95 ਦੌੜਾਂ ਬਣਾ ਕੇ ਕ੍ਰੀਜ਼ 'ਤੇ ਖੜਾ ਸੀ। ਸੈਂਕੜਾ ਪੂਰਾ ਕਰਨ ਲਈ ਉਸ ਨੂੰ 5 ਦੌੜਾਂ ਦੀ ਜ਼ਰੂਰਤ ਸੀ। ਉਸ ਨੇ ਸੈਂਕੜਾ ਪੂਰਾ ਕਰਨ ਦੇ ਇਰਾਦੇ ਨਾਲ ਸ਼ਾਟ ਲਾਈ ਪਰ ਗੇਂਦ ਗ੍ਰਾਊਂਡ ਵਿਚ ਇਕ ਟੱਪਾ ਖਾ ਕੇ ਬਾਊਂਡਰੀ ਪਾਰ ਕਰ ਗਈ ਅਤੇ ਲੁਈਸ ਆਪਣਾ ਸੈਂਕੜਾ ਪੂਰਾ ਕਰਨ ਤੋਂ ਖੁੰਝ ਗਿਆ।

ਲੁਈਸ ਦੇ ਸੈਂਕੜਾ ਬਣਾਉਣ ਤੋਂ ਖੁੰਝਣ ਕਾਰਨ ਉਸ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ

ਇਸ ਤੋਂ ਪਹਿਲਾਂ ਆਇਰਲੈਂਡ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 180 ਦੌੜਾਂ ਹੀ ਬਣਾ ਸਕੀ ਸੀ। ਜਵਾਬ ਵਿਚ ਵੈਸਟਇੰਡੀਜ਼ ਨੇ 33.2 ਓਵਰਾਂ ਵਿਚ 5 ਵਿਕਟਾਂ ਗੁਆ ਕੇ 184 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ। ਆਇਰਲੈਂਡ ਵੱਲੋਂ ਆਫ ਸਪਿਨਰ ਸਿਮੀ ਸਿੰਘ ਨੇ 44 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸਫ (32 ਦੌੜਾਂ 'ਤੇ 4 ਵਿਕਟਾਂ), ਹੈਡਨ ਵਾਲਸ਼ (30 ਦੌੜਾਂ 'ਤੇ 2 ਵਿਕਟਾਂ) ਅਤੇ ਸ਼ੈਲਡਨ ਕੋਟਰੇਲ (39 ਦੌੜਾਂ 'ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਆਇਰਲੈਂਡ ਦੀ ਟੀਮ 47ਵੇਂ ਓਵਰ ਵਿਚ 180 ਦੌੜਾਂ 'ਤੇ ਢੇਰ ਹੋ ਗਈ।


Related News