ਲਾਜਿਓ ਦੇ ਪੈਟ੍ਰਿਕ ਨੇ ਵਿਰੋਧੀ ਫੁੱਟਬਾਲਰ ਨੂੰ ਦੰਦੀ ਵੱਢੀ, ਲੱਗੇਗੀ ਪਾਬੰਦੀ

07/09/2020 1:21:57 AM

ਲੇਸੀ (ਇਟਲੀ)– ਲਾਜਿਓ ਦੇ ਡਿਫੈਂਡਰ ਪੈਟ੍ਰਿਕ ਨੂੰ ਆਪਣੀ ਵਿਰੋਧੀ ਟੀਮ ਦੇ ਖਿਡਾਰੀ ਨੂੰ ਦੰਦੀ ਵੱਢਣ ਲਈ ਲੰਬੇ ਸਮੇਂ ਦੀ ਪਾਬੰਦੀ ਝੱਲਣੀ ਪੈ ਸਕਦੀ ਹੈ। ਇਹ ਘਟਨਾ ਮੰਗਲਵਾਰ ਨੂੰ ਲਾਜਿਓ ਦੀ ਲੇਸੀ ਹੱਥੋਂ 2-1 ਦੀ ਹਾਰ ਦੌਰਾਨ ਦੂਜੇ ਹਾਫ ਦੇ ਇੰਜੁਰੀ ਟਾਈਮ ’ਚ ਵਾਪਰੀ। ਇਸ ਹਾਰ ਨਾਲ ਲਾਜਿਓ ਦੀਆਂ ਖਿਤਾਬ ਦੀਆਂ ਉਮੀਦਾਂ ਲਗਭਗ ਖਤਮ ਹੋ ਗਈਆਂ ਤੇ ਅਜਿਹੇ ’ਚ ਖਿਡਾਰੀ ਆਖਰੀ ਸਮੇਂ ’ਚ ਆਪਸ ’ਚ ਉਲਝ ਪਏ। ਉਦੋਂ 27 ਸਾਲਾ ਪੈਟ੍ਰਿਕ ਨੇ ਲੇਸੀ ਦੇ ਡਿਫੈਂਡਰ ਜਿਊਲਿਓ ਡੋਨਾਟੀ ਦੀ ਖੱਬੀ ਬਾਂਹ ’ਤੇ ਦੰਦੀ ਵੱਢ ਦਿੱਤੀ। ਇਸ ਦੇ ਤੁਰੰਤ ਬਾਅਦ ਉਸ ਨੂੰ ਲਾਲ ਕਾਰਡ ਦਿਖਾ ਕੇ ਬਾਹਰ ਕਰ ਦਿੱਤਾ ਗਿਆ।
ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵ ਨੂੰ ਦੇਖਦੇ ਹੋਏ ਇਹ ਘਟਨਾ ਜ਼ਿਆਦਾ ਗੰਭੀਰ ਮੰਨੀ ਜਾ ਰਹੀ ਹੈ ਕਿਉਂਕਿ ਫੁੱਟਬਾਲ ਦੀ ਸਖਤ ਦਿਸ਼ਾ-ਨਿਰਦੇਸ਼ਾਂ ’ਚ ਵਾਪਸੀ ਹੋਈ ਹੈ, ਜਿਸ ’ਚ ਗੋਲ ਤੋਂ ਬਾਅਦ ਜ਼ਸ਼ਨ ਮਨਾਉਂਦੇ ਹੋਏ ਇਕ-ਦੂਜੇ ਨੂੰ ਗਲੇ ਨਹੀਂ ਲਾਉਣਾ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਲੂਈ ਸੁਆਰੇਜ ਜਦੋ ਲਿਵਰਪੂਲ ਵਲੋਂ ਖੇਡਦਾ ਸੀ ਉਦੋਂ 2013 ’ਚ ਵਿਰੋਧੀ ਖਿਡਾਰੀ ਨੂੰ ਦੰਦੀ ਵੱਢਣ ’ਤੇ ਇੰਗਲਿਸ਼ ਫੁੱਟਬਾਲ ਐਸੋਸੀਏਸ਼ਨ ਨੇ ਉਸ ’ਤੇ 10 ਮੈਚਾਂ ਦੀ ਪਾਬੰਦੀ ਲਾਈ ਸੀ। ਇਸੇ ਤਰ੍ਹਾਂ ਉਰੂਗਵੇ ਦੇ ਫਾਰਵਰਡ ਨੂੰ 2014 ਵਿਸ਼ਵ ਕੱਪ ’ਚ ਇਟਲੀ ਦੇ ਡਿਫੈਂਡਰ ਜਿਓਰਜਿਓ ਚਿਲੇਨੀ ਨੂੰ ਕੱਟਣ ’ਤੇ 9 ਕੌਮਾਂਤਰੀ ਮੈਚਾਂ ’ਚੋਂ ਬਾਹਰ ਕਰ ਦਿੱਤਾ ਗਿਆ ਸੀ।


Gurdeep Singh

Content Editor

Related News