ਏ. ਆਈ. ਐੱਫ. ਐੱਫ. ਚੋਣਾਂ ’ਚ ਵੱਡੇ ਪੱਧਰ ’ਤੇ ਸਿਆਸੀ ਦਖਲ ਤੋਂ ਹੈਰਾਨ ਹਾਂ : ਭੂਟੀਆ

Sunday, Sep 04, 2022 - 06:34 PM (IST)

ਨਵੀਂ ਦਿੱਲੀ– ਸਾਬਕਾ ਭਾਰਤੀ ਕਪਤਾਨ ਬਾਈਚੁੰਗ ਭੂਟੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਦੀਆਂ ਚੋਣਾਂ ਵਿਚ ਸਿਆਸੀ ਦਖਲ ਦੇ ‘ਵੱਡੇ ਪੱਧਰ’ ਨੂੰ ਦੇਖ ਕੇ ਹੈਰਾਨ ਹੈ, ਜਿਸ ਵਿਚ ਉਸਦੀ ਇੱਛਾ ਅਨੁਸਾਰ ਨਤੀਜਾ ਨਹੀਂ ਆਇਆ। ਭੂਟੀਆ ਨੇ ਕਿਹਾ, ‘‘ਮੈਂ ਹੈਰਾਨ ਹਾਂ ਕਿਉਂਕਿ ਮੈਨੂੰ ਨਿੱਜੀ ਤੌਰ ’ਤੇ ਏ. ਆਈ. ਐੱਫ. ਐੱਫ. ਦੀਆਂ ਚੋਣਾਂ ਵਿਚ ਇੰਨੇ ਵੱਡੇ ਪੱਧਰ ’ਤੇ ਸਿਆਸੀ ਦਖਲ ਦੀ ਉਮੀਦ ਨਹੀਂ ਸੀ। ਮੈਂ ਸੋਚਿਆ ਸੀ ਕਿ ਇਹ ਇਕ ਫੁੱਟਬਾਲ ਮੁਖੀ ਦੇ ਅਹੁਦੇ ਦੀ ਚੋਣ ਹੈ ਤੇ ਮੈਂ ਪੂਰੀ ਇਮਾਨਦਾਰੀ ਨਾਲ ਆਪਣਾ ਯੋਗਦਾਨ ਦੇਣਾ ਚਾਹੁੰਦਾ ਸੀ।’’

ਉਸ ਨੇ ਕਿਹਾ,‘‘ਜੇਕਰ ਉਹ (ਉਸ ਦਾ ਵਿਰੋਧੀ) ਜਿੱਤ ਦੇ ਪ੍ਰਤੀ ਇੰਨਾ ਆਸਵੰਦ ਸੀ ਤਾਂ ਇਕ ਤਾਕਤਵਰ ਕੇਂਦਰੀ ਮੰਤਰੀ ਵੀਰਵਾਰ ਨੂੰ ਰਾਤ 9 ਵਜੇ ਤਕ ਉਸ ਹੋਟਲ ਵੀ ਕਿਉਂ ਆਇਆ, ਜਿਸ ਵਿਚ ਵੋਟਿੰਗ ਕਰਨ ਵਾਲੇ ਰੁਕੇ ਹੋਏ ਸਨ ਤੇ ਸ਼ੁੱਕਰਵਾਰ ਨੂੰ ਚੋਣਾਂ ਦੇ ਦਿਨ ਦੇ ਦੋ ਵਜੇ ਤਕ ਉੱਥੇ ਰੁਕਿਆ ਰਿਹਾ ਤੇ ਉਨ੍ਹਾਂ ਸਾਰਿਆਂ ਨੂੰ ਉਸ ਹੋਟਲ ਵਿਚ ਇਕ ਵਿਸ਼ੇਸ਼ ਕਮਰੇ ’ਚ ਲੈ ਕੇ ਗਿਆ।’’

ਇਹ ਵੀ ਪੜ੍ਹੋ : ਮਹਿੰਦਰ ਸਿੰਘ ਧੋਨੀ ਹੀ ਹੋਣਗੇ ਆਈ. ਪੀ. ਐੱਲ. 2023 ’ਚ ਚੇਨਈ ਟੀਮ ਦੇ ਕਪਤਾਨ

ਭੂਟੀਆ ਨੇ ਹਾਲਾਂਕਿ ਉਸ ਕੇਂਦਰੀ ਮੰਤਰੀ ਦਾ ਨਾਂ ਨਹੀਂ ਲਿਆ ਪਰ ਚੋਣਾਂ ਵਿਚ ਉਸਦੇ ਨਾਂ ਦਾ ਪ੍ਰਸਤਾਵ ਰੱਖਣ ਵਾਲੇ ਰਾਜਸਥਾਨ ਰਾਜ ਸੰਘ ਦੇ ਮੁਖੀ ਮਾਨਵੇਂਦਰ ਸਿੰਘ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਸੀ ਕਿ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਹੋਟਲ ਵਿਚ ਮੌਜੂਦ ਸੀ ਤੇ ਉਨ੍ਹਾਂ ਨੇ ਮੈਂਬਰਾਂ ਨੂੰ ਸਾਬਕਾ ਭਾਰਤੀ ਕਪਤਾਨ ਵਿਰੁੱਧ ਵੋਟਿੰਗ ਕਰਨ ਲਈ ਕਿਹਾ।
 
ਦੇਸ਼ ਦੇ ਮਹਾਨ ਫੁੱਟਬਾਲਰਾਂ ਵਿਚੋਂ ਇਕ ਭੂਟੀਆ ਨੇ ਕਿਹਾ ਕਿ ਉਸ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਇਕ ਕੇਂਦਰੀ ਮੰਤਰੀ ਏ. ਆਈ. ਐੱਫ. ਐੱਫ. ਚੋਣਾਂ ਤੋਂ ਪਹਿਲਾਂ ਦੀ ਰਾਤ ਵੋਟਿੰਗ ਕਰਨ ਵਾਲਿਆਂ ਦੇ ਨਾਲ ਇੰਨਾ ਸਮਾਂ ਕਿਉਂ ਬਿਤਾਏਗਾ, ਹਾਲਾਂਕਿ ਉਸ ਨੇ ਰਿਜਿਜੂ ’ਤੇ ਉਸਦੇ ਵਿਰੁੱਧ ਪ੍ਰਚਾਰ ਕਰਨ ਦਾ ਦੋਸ਼ ਨਹੀਂ ਲਗਾਇਆ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News