ਲਕਸ਼ੈ ਅਤੇ ਭਵਿਆ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਟ੍ਰੈਪ ਫਾਈਨਲ ’ਚ
Thursday, Jan 16, 2025 - 02:48 PM (IST)
ਨਵੀਂ ਦਿੱਲੀ– ਹਰਿਆਣਾ ਦੇ ਪਿਛਲੇ ਚੈਂਪੀਅਨ ਲਕਸ਼ੈ ਸ਼ਿਓਰਾਣ ਅਤੇ ਦਿੱਲੀ ਦੀ ਭਵਿਆ ਤ੍ਰਿਪਾਠੀ ਨੇ ਬੁੱਧਵਾਰ ਨੂੰ ਇਥੇ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਸ਼ਾਟਗਨ ਮੁਕਾਬਲੇ ’ਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਟ੍ਰੈਪ ਫਾਈਨਲ ’ਚ ਜਗ੍ਹਾ ਬਣਾਈ। ਲਕਸ਼ੈ ਕੁਆਲੀਫਿਕੇਸ਼ਨ ’ਚ 92 ਪੁਰਸ਼ ਨਿਸ਼ਾਨੇਬਾਜ਼ਾਂ ’ਚ ਚੋਟੀ ਦਾ ਸਥਾਨ ਹਾਸਲ ਕੀਤਾ ਜਦਕਿ ਭਵਿਆ ਨੇ ਮਹਿਲਾ ਕੁਆਲੀਫਿਕੇਸ਼ਨ ’ਚ 5ਵਾਂ ਸਥਾਨ ਹਾਸਲ ਕੀਤਾ। ਪੁਰਸ਼ ਅਤੇ ਮਹਿਲਾ ਵਰਗ ਦੇ ਕੁਆਲੀਫਿਕੇਸ਼ਨ ’ਚ 6-6 ਨਿਸ਼ਾਨੇਬਾਜ਼ ਵੀਰਵਾਰ ਨੂੰ ਫਾਈਨਲ ਖੇਡਣਗੇ।
ਪਿਛਲੀਆਂ ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਲਕਸ਼ੈ ਨੇ ਕੁਆਲੀਫਿਕੇਸ਼ਨ ਦੇ ਪਹਿਲੇ ਦਿਨ 75 ’ਚੋਂ 73 ਅੰਕ ਬਣਾਏ। ਹਾਲਾਂਕਿ ਉਨ੍ਹਾਂ ਨੂੰ ਪ੍ਰਿਥਵੀਰਾਜ ਟੋਂਡਈਮਾਨ ਨਾਲ ਸ਼ੂਟ ਆਫ ’ਚ ਸ਼ਾਮਲ ਹੋਣਾ ਪਿਆ ਕਿਉਂਕਿ ਉਸ ਨੇ ਵੀ ਬਰਾਬਰ ਅੰਕ ਹਾਸਲ ਕੀਤੇ ਸਨ ਪਰ ਇਥੇ ਲਕਸ਼ੈ ਬਾਜ਼ੀ ਮਾਰ ਗਿਆ। ਫਾਈਨਲ ’ਚ ਇਨ੍ਹਾਂ ਦੋਵਾਂ ਦੇ ਨਾਲ ਤਜਰਬੇਕਾਰ ਜੋਰਾਵਰ ਸਿੰਘ ਸੰਧੂ ਵੀ ਸ਼ਾਮਲ ਹੋਣਗੇ।
ਮਹਿਲਾ ਵਰਗ ’ਚ ਪੰਜਾਬ ਦੀ ਰਾਜੇਸ਼ਵਰੀ ਕੁਮਾਰੀ ਨੇ 114 ਦੇ ਕੁਆਲੀਫਿਕੇਸ਼ਨ ਸਕੋਰ ਦੇ ਨਾਲ ਫਾਈਨਲ ’ਚ ਜਗ੍ਹਾ ਬਣਾਈ। ਦਿੱਲੀ ਦੀ ਭਵਿਆ (110), ਉੱਤਰ ਪ੍ਰਦੇਸ਼ ਦੀ ਸਬੀਰਾ ਹਾਰਿਸ ਅਤੇ ਮੱਧ ਪ੍ਰਦੇਸ਼ ਦੀ ਸ਼੍ਰੇਸ਼ਠਾ ਸਿਸੋਦੀਆ ਵੀ ਫਾਈਨਲ ’ਚ ਜਗ੍ਹਾ ਬਣਾਉਣ ’ਚ ਸਫਲ ਰਹੀ।