ਮਜ਼ਦੂਰ ਦਾ ਬੇਟਾ ਹੇਮੰਤ ਬਣਿਆ ਕੌਮਾਂਤਰੀ ਬਾਸਕਟਬਾਲ ਖਿਡਾਰੀ

12/30/2019 1:08:04 PM

ਪਟਿਆਲਾ (ਪ੍ਰਤਿਭਾ) : ਮਜ਼ਦੂਰ ਪਿਤਾ ਦਾ ਪੁੱਤਰ ਹੋਣ ਕਾਰਣ ਕਈ ਵਾਰ ਮਨ 'ਚ ਇਹ ਸਵਾਲ ਜ਼ਰੂਰ ਉੱਠਿਆ ਕਿ ਗਰੀਬ ਕਿਉਂ ਬਣਾਇਆ ਪਰ ਆਪਣੀ ਇਸ ਮਜਬੂਰੀ ਨੂੰ ਹੀ ਤਾਕਤ ਬਣਾ ਕੇ ਹੇਮੰਤ ਸੱਭਰਵਾਲ (ਅਭੀ) ਨੇ ਅੱਜ ਇਕ ਮੁਕਾਮ ਹਾਸਲ ਕੀਤਾ ਹੈ । 2015 'ਚ ਸਰਬੀਆ ਵਿਚ ਹੋਏ ਚਿਲਡ੍ਰਨ ਕੱਪ 'ਚ ਭਾਰਤੀ ਬਾਸਕਟਬਾਲ ਟੀਮ ਦੇ ਮੈਂਬਰ ਰਹੇ ਹੇਮੰਤ ਦਾ ਸਫਰ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਕਹਿੰਦੇ ਹਨ ਕਿ ਖਿਡਾਰੀ ਆਪਣੀ ਖੇਡ 'ਚ ਮਾਹਿਰ ਹੁੰਦਾ ਹੈ ਅਤੇ ਪੜ੍ਹਾਈ 'ਚ ਨਹੀਂ ਪਰ ਹੇਮੰਤ ਨੇ 12ਵੀਂ ਵਿਚ 84 ਫੀਸਦੀ ਅੰਕ ਲੈ ਕੇ ਇਸ ਗੱਲ ਨੂੰ ਵੀ ਨਕਾਰ ਦਿੱਤਾ ਹੈ । ਹਾਲਾਂਕਿ ਆਪਣੀ ਇਸ ਸਫਲਤਾ ਲਈ ਉਹ ਹਰ ਤਰੀਕੇ ਨਾਲ ਕੋਚ ਅਮਰਜੋਤ ਸਿੰਘ ਦੇ ਆਸ਼ੀਰਵਾਦ ਨੂੰ ਹੀ ਸਭ ਤੋਂ ਅੱਗੇ ਰੱਖਦਾ ਹੈ ਕਿਉਂਕਿ ਉਸ ਦਾ ਕਹਿਣਾ ਹੈ ਕਿ ਕੋਚ ਨਾ ਹੁੰਦਾ ਤਾਂ ਉਹ ਵੀ ਨਾ ਹੁੰਦਾ । ਪੰਜਾਬ ਪੁਲਸ 'ਚ ਬਤੌਰ ਕਾਂਸਟੇਬਲ ਦੀ ਨੌਕਰੀ ਕਰ ਰਹੇ ਸਰਕਾਰੀ ਮਲਟੀਪਰਪਜ਼ ਕੋ-ਐਡ ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਬਾਸਕਟਬਾਲ ਦੇ ਕੌਮਾਂਤਰੀ ਖਿਡਾਰੀ ਦੇਸ਼ ਲਈ ਵਾਰ-ਵਾਰ ਖੇਡਣਾ ਚਾਹੁੰਦੇ ਹਨ ।

ਸਕੂਲ 'ਚ ਬੱਚਿਆਂ ਨੂੰ ਪ੍ਰੈਕਟਿਸ ਕਰਦੇ ਦੇਖ ਕੇ ਕੀਤੀ ਬਾਸਕਟਬਾਲ ਦੀ ਸ਼ੁਰੂਆਤ
ਬੇਸਿਕਲੀ ਕਪੂਰਥਲਾ ਦੇ ਇਕ ਗਰੀਬ ਪਰਿਵਾਰ ਨਾਲ ਸਬੰਧਤ ਹੇਮੰਤ ਨੇ ਬਾਸਕਟਬਾਲ ਸਰਕਾਰੀ ਸਕੂਲ 'ਚ ਕੋਚ ਕਰਣ ਕੁਮਾਰ ਦੀ ਟ੍ਰੇਨਿੰਗ 'ਚ ਸਿੱਖੀ। ਘਰ ਦੇ ਹਾਲਾਤ ਅਜਿਹੇ ਸਨ ਕਿ ਉਹ ਖੁਦ ਕੁਝ ਬਣ ਕੇ ਅੱਗੇ ਵਧਣਾ ਚਾਹੁੰਦਾ ਸੀ ਤਾਂ ਸਕੂਲ 'ਚ ਬੱਚਿਆਂ ਨੂੰ ਪ੍ਰੈਕਟਿਸ ਕਰਦੇ ਦੇਖਿਆ ਅਤੇ ਕੋਚ ਨੂੰ ਕਿਹਾ ਕਿ ਉਸ ਨੇ ਖਿਡਾਰੀ ਬਣਨਾ ਹੈ। ਪਿਤਾ ਟਿੰਕੂ ਸੱਭਰਵਾਲ, ਜੋ  ਮਜ਼ਦੂਰੀ ਕਰਦਾ ਸੀ ਅਤੇ ਮਾਤਾ ਰਮੇਸ਼ ਸੱਭਰਵਾਲ ਘਰ 'ਚ ਹੀ ਸਿਲਾਈ ਦਾ ਕੰਮ ਕਰਦੀ ਸੀ, ਉਸ ਨੇ ਆਪਣੇ ਇਕਲੌਤੇ ਪੁੱਤਰ ਦਾ ਪੂਰਾ ਸਹਿਯੋਗ ਕੀਤਾ ।  2 ਭੈਣਾਂ ਦੇ ਭਰਾ ਹੇਮੰਤ ਨੂੰ ਮਾਪੇ ਆਰਥਿਕ ਤੌਰ 'ਤੇ ਮਦਦ ਨਹੀਂ ਕਰ ਸਕੇ ।  2010-11 ਸੈਸ਼ਨ 'ਚ ਕੋਚ ਅਮਰਜੋਤ ਸਿੰਘ ਨੇ ਪੂਰੇ ਸੂਬੇ ਦੇ ਟੈਲੇਂਟ ਨੂੰ ਅੱਗੇ ਵਧਾਉਣ ਲਈ ਪੰਜਾਬ ਪੱਧਰੀ ਟਰਾਇਲ ਕਰਵਾਏ ਅਤੇ ਆਪਣੇ ਕੋਚ ਕਰਣ ਕੁਮਾਰ ਦੇ ਕਹਿਣ 'ਤੇ ਹੇਮੰਤ ਨੇ ਵੀ ਟਰਾਇਲ ਦਿੱਤੇ ਅਤੇ ਉਸ ਦੀ ਸਿਲੈਕਸ਼ਨ ਹੋ ਗਈ । ਉਸ ਤੋਂ ਬਾਅਦ ਉਹ ਮਲਟੀਪਰਪਜ਼ ਸਕੂਲ 'ਚ 5 ਸਾਲ ਰਿਹਾ ਅਤੇ ਇਥੋਂ ਆਪਣਾ ਅਸਲੀ ਕੈਰੀਅਰ ਸ਼ੁਰੂ ਕੀਤਾ ।

ਪੜ੍ਹਾਈ 'ਚ ਵੀ ਹੁਸ਼ਿਆਰ
ਆਪਣੀ ਖੇਡ ਲਈ ਪੂਰੀ ਤਰ੍ਹਾਂ ਸਮਰਪਿਤ ਹੇਮੰਤ ਪੜ੍ਹਾਈ ਵਿਚ ਵੀ ਕਾਫੀ ਹੁਸ਼ਿਆਰ ਰਿਹਾ ਹੈ । 12ਵੀਂ ਕਲਾਸ ਉਸ ਨੇ 84 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੈ ਅਤੇ ਉਸ ਤੋਂ ਬਾਅਦ ਫਿਜ਼ੀਕਲ ਕਾਲਜ ਪਟਿਆਲਾ ਵਿਚ ਬੀ. ਪੀ. ਐੱਡ. ਕਰਨ ਲਈ ਐਡਮਿਸ਼ਨ ਲਈ । ਦੋ ਸਾਲ ਇਥੇ ਪੜ੍ਹਾਈ ਕਰਨ ਤੋਂ ਬਾਅਦ ਉਸ ਦੀ ਸਿਲੈਕਸ਼ਨ ਪੰਜਾਬ ਪੁਲਸ 'ਚ ਹੋ ਗਈ ਅਤੇ ਹੁਣ ਉਹ ਬਤੌਰ ਕਾਂਸਟੇਬਲ ਨੌਕਰੀ ਕਰ ਰਿਹਾ ਹੈ । ਹੇਮੰਤ ਨੇ ਦੱਸਿਆ ਕਿ ਜਦੋਂ ਉਹ ਸਕੂਲ ਵਿਚ ਪੜ੍ਹਾਈ ਕਰ ਰਿਹਾ ਸੀ ਤਾਂ ਕੋਚ ਅਮਰਜੋਤ ਦੀ ਪਤਨੀ ਇਰਵਨਦੀਪ ਕੌਰ, ਜੋ ਸਕੂਲ 'ਚ ਅਧਿਆਪਕਾ ਵੀ ਹੈ, ਉਹ ਸਕੂਲ ਤੋਂ ਬਾਅਦ ਖਿਡਾਰੀਆਂ ਨੂੰ ਸਪੈਸ਼ਲ ਟਿਊਸ਼ਨ ਦਿੰਦੀ ਸੀ ਅਤੇ ਇਹੀ ਕਾਰਣ ਹੈ ਕਿ 12ਵੀਂ ਵਿਚ ਉਹ 84 ਫੀਸਦੀ ਅੰਕ ਲੈ ਕੇ ਪਾਸ ਹੋਇਆ । ਉਸ ਨੇ ਦੱਸਿਆ ਕਿ ਟਿਊਸ਼ਨ ਤੋਂ ਬਾਅਦ ਸ਼ਾਮ ਦੀ ਪ੍ਰੈਕਟਿਸ ਹੁੰਦੀ ਸੀ ਅਤੇ ਉਸ ਤੋਂ ਬਾਅਦ ਰਾਤ ਨੂੰ ਵੀ ਉਹ ਪੜ੍ਹਾਈ ਕਰਦਾ ਸੀ ।

ਹੇਮੰਤ ਦੀਆਂ ਕੁਝ ਪ੍ਰਾਪਤੀਆਂ
18 ਦੇ ਲੱਗਭਗ ਸੂਬਾ ਪੱਧਰੀ ਮੁਕਾਬਲਿਆਂ 'ਚ ਲਿਆ ਹਿੱਸਾ, ਤਕਰੀਬਨ ਸਾਰਿਆਂ ਵਿਚ ਗੋਲਡ (ਸਕੂਲ ਤੇ ਓਪਨ ਮੁਕਾਬਲੇ)
16 ਦੇ ਲੱਗਭਗ ਨੈਸ਼ਨਲ ਕੰਪੀਟੀਸ਼ਨਜ਼ ਵਿਚ ਹਿੱਸਾ ਲਿਆ, ਜ਼ਿਆਦਾਤਰ 'ਚ ਗੋਲਡ ਮੈਡਲ
2015 ਵਿਚ ਔਰੰਗਾਬਾਦ ਮਹਾਰਾਸ਼ਟਰ ਵਿਚ ਲੱਗੇ ਭਾਰਤੀ ਕੈਂਪ 'ਚ ਜਗ੍ਹਾ ਬਣਾਈ
ਰਸ਼ੀਆ 'ਚ ਹੋਏ ਚਿਲਡ੍ਰਨ ਕੱਪ ਬਾਸਕਟਬਾਲ ਟੂਰਨਾਮੈਂਟ ਵਿਚ ਪਾਰਟੀਸਿਪੇਸ਼ਨ


Related News