ਕ੍ਰਿਗਿਓਸ ਨੇ ਕੋਕੀਨ ਜਾਂਚ ’ਚ ਪਾਜ਼ੇਟਿਵ ਪਾਏ ਜਾਣ ’ਤੇ ਇਕ ਮਹੀਨੇ ਦੀ ਪਾਬੰਦੀ ਕੀਤੀ ਸਵੀਕਾਰ

Saturday, Sep 05, 2026 - 11:30 AM (IST)

ਕ੍ਰਿਗਿਓਸ ਨੇ ਕੋਕੀਨ ਜਾਂਚ ’ਚ ਪਾਜ਼ੇਟਿਵ ਪਾਏ ਜਾਣ ’ਤੇ ਇਕ ਮਹੀਨੇ ਦੀ ਪਾਬੰਦੀ ਕੀਤੀ ਸਵੀਕਾਰ

ਸਪੋਰਟਸ ਡੈਸਕ– ਆਸਟ੍ਰੇਲੀਆ ਦੇ ਟੈਨਿਸ ਖਿਡਾਰੀ ਨਿਕ ਕ੍ਰਿਗਿਓਸ ਨੇ ਜੂਨ ’ਚ ਸਪੇਨ ’ਚ ਇਕ ਟੂਰਨਾਮੈਂਟ ਦੌਰਾਨ ਕੋਕੀਨ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇੰਟਰਨੈਸ਼ਨਲ ਟੈਨਿਸ ਇੰਟੈਗ੍ਰਿਟੀ ਏਜੰਸੀ (ਆਈ. ਟੀ. ਆਈ. ਏ.) ਵੱਲੋਂ ਲਾਈ ਗਈ ਇਕ ਮਹੀਨੇ ਦੀ ਪਾਬੰਦੀ ਨੂੰ ਸਵੀਕਾਰ ਕਰ ਲਿਆ ਹੈ। ਆਈ. ਟੀ. ਆਈ. ਏ. ਨੇ ਇਹ ਜਾਣਕਾਰੀ ਦਿੱਤੀ।

ਕਿਰਗਿਓਸ ਨੂੰ 4 ਅਗਸਤ ਤੋਂ ਅਸਥਾਈ ਤੌਰ ’ਤੇ ਪਾਬੰਦੀਸ਼ੁਦਾ ਕੀਤਾ ਗਿਆ ਸੀ, ਜਿਸ ਦੀ ਜਾਣਕਾਰੀ ਲੱਗਭਗ ਦੋ ਹਫਤਿਆਂ ਤੋਂ ਬਾਅਦ ਜਨਤਕ ਹੋਈ ਸੀ। ਆਈ. ਟੀ. ਆਈ. ਏ. ਅਨੁਸਾਰ, 31 ਸਾਲਾ ਕ੍ਰਿਗਿਓਸ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸ ਨੇ ਮਲੋਰਕਾ ’ਚ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਕੋਕੀਨ ਦਾ ਸੇਵਨ ਕੀਤਾ ਸੀ। ਉਸ ਨੇ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੇ ਮਾਹਿਰ ਤੋਂ ਸਲਾਹ ਲੈਣ ਤੋਂ ਬਾਅਦ ਸਵੀਕਾਰ ਕੀਤਾ ਕਿ ਇਹ ਸੇਵਨ ਪ੍ਰਤੀਯੋਗਿਤਾ ਤੋਂ ਬਾਹਰ ਦੀ ਮਿਆਦ ’ਚ ਹੋਇਆ ਸੀ।

ਵਾਡਾ ਦੇ ਨਿਯਮਾਂ ਤਹਿਤ ਇਸ ਮਾਮਲੇ ’ਚ ਆਮ ਤੌਰ ’ਤੇ 3 ਮਹੀਨਿਆਂ ਦੀ ਪਾਬੰਦੀ ਲਾਈ ਜਾਂਦੀ ਹੈ ਪਰ ਇਲਾਜ ਪ੍ਰੋਗਰਾਮ ਪੂਰਾ ਕਰਨ ’ਤੇ ਇਸ ਨੂੰ ਘਟਾ ਕੇ ਇਕ ਮਹੀਨਾ ਕੀਤਾ ਜਾ ਸਕਦਾ ਹੈ। ਆਈ. ਟੀ. ਆਈ. ਏ. ਨੇ ਕਿਹਾ ਕਿ ਇਲਾਜ ਪ੍ਰੋਗਰਾਮ ਪੂਰਾ ਕਰਨ ਦੀ ਸ਼ਰਤ ਦੇ ਨਾਲ ਕ੍ਰਿਗਿਓਸ ਦੀ ਪਾਬੰਦੀ ਵੀਰਵਾਰ ਨੂੰ ਖਤਮ ਹੋ ਗਈ।

ਮਲੋਰਕਾ ਟੂਰਨਾਮੈਂਟ ਤੋਂ ਕ੍ਰਿਗਿਓਸ ਦੀ ਇਨਾਮੀ ਰਾਸ਼ੀ ਤੇ ਰੈਂਕਿੰਗ ਅੰਕ ਵਾਪਸ ਲੈ ਲਏ ਗਏ ਹਨ। ਟੂਰਨਾਮੈਂਟ ’ਚ ਉਸ ਨੂੰ ਹਮਵਤਨ ਐਡਮ ਵਾਲਟਨ ਦੇ ਵਿਰੁੱਧ ਇਕੋ-ਇਕ ਮੁਕਾਬਲੇ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿੰਬਲਡਨ 2022 ਦੇ ਫਾਈਨਲ ’ਚ ਪਹੁੰਚਣ ਵਾਲੇ ਕ੍ਰਿਗਿਓਸ ਨੂੰ ਖਿਤਾਬੀ ਮੁਕਾਬਲੇ ’ਚ ਨੋਵਾਕ ਜੋਕੋਵਿਚ ਹੱਥੋਂ ਹਾਰ ਮਿਲੀ ਸੀ। ਇਸ ਸਾਲ ਉਸ ਨੇ ਹੁਣ ਤੱਕ ਸਿਰਫ 4 ਏ. ਟੀ. ਪੀ. ਸਿੰਗਲਜ਼ ਮੁਕਾਬਲੇ ਖੇਡੇ ਹਨ ਅਤੇ ਉਹ ਵਿਸ਼ਵ ਰੈਂਕਿੰਗ ’ਚ 918ਵੇਂ ਸਥਾਨ ’ਤੇ ਹੈ।


author

Tarsem Singh

Content Editor

Related News