ਭਾਰਤੀ ਟੈਨਿਸ ਖਿਡਾਰਨ ਮਾਇਆ ਰਾਜੇਸ਼ਵਰਨ ਨੇ ਜਿੱਤਿਆ ਪਹਿਲਾ ਪੇਸ਼ੇਵਰ ਖਿਤਾਬ
Monday, Oct 12, 2026 - 04:27 PM (IST)
ਨਵੀਂ ਦਿੱਲੀ : ਭਾਰਤ ਦੀ ਉੱਭਰਦੀ ਹੋਈ 17 ਸਾਲਾ ਟੈਨਿਸ ਖਿਡਾਰਨ ਮਾਇਆ ਰਾਜੇਸ਼ਵਰਨ ਨੇ ਪੁਰਤਗਾਲ ਵਿੱਚ ਆਯੋਜਿਤ 'ਡਬਲਯੂ35 ਲਾਗੋਸ' ਟੂਰਨਾਮੈਂਟ ਵਿੱਚ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਆਪਣਾ ਪਹਿਲਾ ਪੇਸ਼ੇਵਰ ਖਿਤਾਬ ਜਿੱਤ ਲਿਆ ਹੈ। ਟੂਰਨਾਮੈਂਟ ਵਿੱਚ ਕੁਆਲੀਫਾਇਰ ਵਜੋਂ ਖੇਡਦਿਆਂ ਮਾਇਆ ਨੇ ਐਤਵਾਰ ਨੂੰ ਫਾਈਨਲ ਵਿੱਚ ਸਪੇਨ ਦੀ ਸੇਲੀਆ ਸਰਵਿਨੋ ਰੁਈਜ਼ ਨੂੰ 6-4, 6-2 ਨਾਲ ਮਾਤ ਦਿੱਤੀ। ਇਸ ਸ਼ਾਨਦਾਰ ਜਿੱਤ ਨਾਲ ਮਾਇਆ, ਸਾਨੀਆ ਮਿਰਜ਼ਾ ਤੋਂ ਬਾਅਦ ਪੇਸ਼ੇਵਰ ਸਿੰਗਲਜ਼ ਖਿਤਾਬ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਖਿਡਾਰਨ ਬਣ ਗਈ ਹੈ।
ਮਾਇਆ ਨੇ ਇਸ ਟੂਰਨਾਮੈਂਟ ਦੇ ਸਿੰਗਲਜ਼ ਮੁਕਾਬਲਿਆਂ ਵਿੱਚ ਇੱਕ ਵੀ ਸੈੱਟ ਨਹੀਂ ਗਵਾਇਆ ਅਤੇ ਪਹਿਲੇ ਹੀ ਦੌਰ ਵਿੱਚ ਚੋਟੀ ਦੀ ਸੀਡ ਪ੍ਰਾਪਤ ਜਸਟਿਨਾ ਮਿਕੁਲਸਕਾਈਟ ਨੂੰ ਹਰਾ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਸਨ। ਸਿੰਗਲਜ਼ ਖਿਤਾਬ ਤੋਂ ਇਲਾਵਾ ਮਾਇਆ ਨੇ ਯੂਕਰੇਨ ਦੀ ਯੇਲੀਜ਼ਾਵਿਤਾ ਕੋਟਲੀਆਰ ਨਾਲ ਮਿਲ ਕੇ ਡਬਲਜ਼ ਦਾ ਖਿਤਾਬ ਵੀ ਆਪਣੇ ਨਾਂ ਕੀਤਾ। ਆਪਣੀ ਇਸ ਇਤਿਹਾਸਕ ਜਿੱਤ ਤੋਂ ਬਾਅਦ ਮਾਇਆ ਨੇ ਕਿਹਾ ਕਿ ਇਹ ਉਸ ਦੇ ਪੇਸ਼ੇਵਰ ਕਰੀਅਰ ਦੀ ਮਹਿਜ਼ ਸ਼ੁਰੂਆਤ ਹੈ ਅਤੇ ਇਸ ਜਿੱਤ ਨਾਲ ਉਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵਧੀਆ ਪ੍ਰਦਰਸ਼ਨ ਕਰਨ ਦਾ ਆਤਮ-ਵਿਸ਼ਵਾਸ ਮਿਲਿਆ ਹੈ।
