ਅਲਮਾਟੀ ਓਪਨ: ਯੂਕੀ ਭਾਂਬਰੀ ਨੇ ਰਿਆਨ ਸੇਗਰਮੈਨ ਨਾਲ ਮਿਲ ਕੇ ਜਿੱਤਿਆ ਪੁਰਸ਼ ਡਬਲਜ਼ ਦਾ ਖ਼ਿਤਾਬ
Sunday, Oct 25, 2026 - 05:53 PM (IST)
ਅਲਮਾਟੀ (ਕਜ਼ਾਖਸਤਾਨ) : ਭਾਰਤ ਦੇ ਨੰਬਰ ਇੱਕ ਡਬਲਜ਼ ਖਿਡਾਰੀ ਯੂਕੀ ਭਾਂਬਰੀ ਨੇ ਆਪਣੇ ਅਮਰੀਕੀ ਜੋੜੀਦਾਰ ਰਿਆਨ ਸੇਗਰਮੈਨ ਨਾਲ ਮਿਲ ਕੇ ਐਤਵਾਰ ਨੂੰ ਅਲਮਾਟੀ ਓਪਨ ਏ.ਟੀ.ਪੀ. 250 ਟੈਨਿਸ ਟੂਰਨਾਮੈਂਟ ਵਿੱਚ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਭਾਰਤ ਅਤੇ ਅਮਰੀਕਾ ਦੀ ਚੌਥੀ ਵਰੀਅਤਾ ਪ੍ਰਾਪਤ ਜੋੜੀ ਨੇ ਇੱਕ ਰੋਮਾਂਚਕ ਫਾਈਨਲ ਵਿੱਚ ਆਸਟਰੀਆ ਦੇ ਲੂਕਾਸ ਮੀਡਲਰ ਅਤੇ ਨੀਲ ਓਬਰਲੇਟਨਰ ਦੀ ਚੋਟੀ ਦੀ ਵਰੀਅਤਾ ਪ੍ਰਾਪਤ ਜੋੜੀ ਨੂੰ 7-6(3), 6-7(1), 10-2 ਨਾਲ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕੀਤਾ।
34 ਸਾਲਾ ਯੂਕੀ ਭਾਂਬਰੀ ਦਾ ਸਾਲ 2026 ਦਾ ਇਹ ਪਹਿਲਾ ਏ.ਟੀ.ਪੀ. ਟੂਰ ਖ਼ਿਤਾਬ ਹੈ ਏ.ਟੀ.ਪੀ. ਟੂਰ 'ਤੇ ਉਨ੍ਹਾਂ ਦੇ ਕਰੀਅਰ ਦਾ ਇਹ ਕੁੱਲ ਪੰਜਵਾਂ ਡਬਲਜ਼ ਖ਼ਿਤਾਬ ਹੈ। ਇਸ ਤੋਂ ਪਹਿਲਾਂ ਭਾਂਬਰੀ ਨੇ 2023 ਵਿੱਚ ਮਾਲੋਰਕਾ (ATP 250), 2024 ਵਿੱਚ ਗਸਤਾਦ ਅਤੇ ਮਿਊਨਿਖ (ATP 250) ਅਤੇ 2025 ਵਿੱਚ ਏ.ਟੀ.ਪੀ. 500 ਦੁਬਈ ਟੂਰਨਾਮੈਂਟ ਵਿੱਚ ਖ਼ਿਤਾਬ ਜਿੱਤੇ ਸਨ। ਇਸ ਸੀਜ਼ਨ ਵਿੱਚ ਏ.ਟੀ.ਪੀ. ਟੂਰਨਾਮੈਂਟਾਂ ਵਿੱਚ ਭਾਂਬਰੀ ਦਾ ਇਹ ਦੂਜਾ ਫਾਈਨਲ ਸੀ, ਜਿਸ ਤੋਂ ਪਹਿਲਾਂ ਉਹ ਨਿਊਜ਼ੀਲੈਂਡ ਦੇ ਮਾਈਕਲ ਵੀਨਸ ਨਾਲ ਜਿਨੇਵਾ ਓਪਨ ਵਿੱਚ ਉਪ-ਵਿਜੇਤਾ ਰਹੇ ਸਨ।
ਯੂਕੀ ਭਾਂਬਰੀ ਫਰਵਰੀ ਵਿੱਚ ਆਪਣੇ ਕਰੀਅਰ ਦੀ ਸਰਵੋਤਮ 18ਵੀਂ ਰੈਂਕਿੰਗ 'ਤੇ ਪਹੁੰਚੇ ਸਨ, ਪਰ ਉਸ ਤੋਂ ਬਾਅਦ ਪ੍ਰਦਰਸ਼ਨ ਵਿੱਚ ਗਿਰਾਵਟ ਕਾਰਨ ਉਹ ਟੌਪ-40 ਤੋਂ ਬਾਹਰ ਹੋ ਗਏ ਸਨ। ਇਸ ਸਾਲ ਗ੍ਰੈਂਡ ਸਲੈਮ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਵੀਡਨ ਦੇ ਆਂਦਰੇ ਗੋਰਾਨਸਨ ਨਾਲ ਆਸਟ੍ਰੇਲੀਅਨ ਓਪਨ ਦੇ ਤੀਜੇ ਦੌਰ ਵਿੱਚ ਜਗ੍ਹਾ ਬਣਾਈ ਸੀ, ਜਦਕਿ ਫ੍ਰੈਂਚ ਓਪਨ ਵਿੱਚ ਦੂਜੇ ਦੌਰ ਅਤੇ ਵਿੰਬਲਡਨ ਤੇ ਯੂ.ਐੱਸ. ਓਪਨ ਵਿੱਚ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
