ਨਿੰਗਬੋ ਓਪਨ: ਫਾਈਨਲ ''ਚ ਪੁੱਜੀ ਰਾਇਬਾਕਿਨਾ , ਲੇਲਾਹ ਫਰਨਾਡੇਜ਼ ਨਾਲ ਹੋਵੇਗੀ ਖ਼ਿਤਾਬੀ ਟੱਕਰ
Sunday, Oct 25, 2026 - 01:39 PM (IST)
ਨਿੰਗਬੋ (ਚੀਨ) : ਚੋਟੀ ਦੀ ਵਰੀਅਤਾ ਪ੍ਰਾਪਤ ਕਜ਼ਾਖਸਤਾਨ ਦੀ ਸਟਾਰ ਟੈਨਿਸ ਖਿਡਾਰਨ ਏਲੇਨਾ ਰਾਇਬਾਕਿਨਾ ਨੇ ਡਾਇਨਾ ਸ਼ਨਾਈਡਰ ਨੂੰ 6-3, 7-5 ਨਾਲ ਹਰਾ ਕੇ ਨਿੰਗਬੋ ਓਪਨ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। 27 ਸਾਲਾ ਮੌਜੂਦਾ ਚੈਂਪੀਅਨ ਰਾਇਬਾਕਿਨਾ ਨੇ ਇਸ ਮੁਕਾਬਲੇ ਵਿੱਚ 6 ਐਸ ਲਗਾਏ, ਹਾਲਾਂਕਿ ਪਹਿਲਾ ਸੈੱਟ ਜਿੱਤਣ ਲਈ ਉਨ੍ਹਾਂ ਨੂੰ 11 ਸੈੱਟ ਪੁਆਇੰਟਾਂ ਦਾ ਇੰਤਜ਼ਾਰ ਕਰਨਾ ਪਿਆ। ਮੈਚ ਦੌਰਾਨ ਦੋਵਾਂ ਖਿਡਾਰਨਾਂ ਦੀ ਸਰਵਿਸ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਅਤੇ ਕੁੱਲ 11 ਡਬਲ ਫਾਲਟ ਹੋਏ।
ਖ਼ਿਤਾਬੀ ਮੁਕਾਬਲੇ ਵਿੱਚ ਰਾਇਬਾਕਿਨਾ ਦਾ ਸਾਹਮਣਾ ਕੈਨੇਡਾ ਦੀ ਲੇਲਾਹ ਫਰਨਾਡੇਜ਼ ਨਾਲ ਹੋਵੇਗਾ। ਫਰਨਾਡੇਜ਼ ਨੇ ਦੂਜੇ ਸੈਮੀਫਾਈਨਲ ਵਿੱਚ ਮੈਰੀ ਬੌਜ਼ਕੋਵਾ ਨੂੰ 6-3, 7-5 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਆਪਣੇ ਕਰੀਅਰ ਦੇ 28ਵੇਂ ਫਾਈਨਲ ਵਿੱਚ ਪਹੁੰਚੀ ਰਾਇਬਾਕਿਨਾ ਹੁਣ ਤੱਕ 14 ਸਿੰਗਲਜ਼ ਖ਼ਿਤਾਬ ਜਿੱਤ ਚੁੱਕੀ ਹੈ, ਜਿਨ੍ਹਾਂ ਵਿੱਚ ਇਸੇ ਸਾਲ ਜਿੱਤੇ ਆਸਟ੍ਰੇਲੀਅਨ ਓਪਨ ਅਤੇ ਯੂ.ਐੱਸ. ਓਪਨ ਦੇ ਖ਼ਿਤਾਬ ਵੀ ਸ਼ਾਮਲ ਹਨ। ਫਰਨਾਡੇਜ਼ ਖ਼ਿਲਾਫ਼ ਰਾਇਬਾਕਿਨਾ ਦਾ ਜਿੱਤ-ਹਾਰ ਦਾ ਰਿਕਾਰਡ 3-2 ਦਾ ਹੈ।
