ਐਮਬਾਪੇ ਦੇ ਗੋਲ ਨਾਲ ਫਰਾਂਸ ਨੇ ਅਮਰੀਕਾ ਨੂੰ ਡਰਾਅ ''ਤੇ ਰੋਕਿਆ
Sunday, Jun 10, 2018 - 01:48 PM (IST)

ਲੀਓਨ— ਕਾਈਲੀਅਨ ਐਮਬਾਪੇ ਦੇ 69ਵੇਂ ਮਿੰਟ 'ਚ ਕਮਾਲ ਦੇ ਗੋਲ ਦੀ ਬਦੌਲਤ ਫਰਾਂਸ ਨੇ ਹਾਰ ਟਾਲਦੇ ਹੋਏ ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਅਭਿਆਸ ਮੈਚ 'ਚ ਅਮਰੀਕਾ ਦੇ ਖਿਲਾਫ ਮੈਚ 1-1 ਨਾਲ ਡਰਾਅ ਕਰਾ ਦਿੱਤਾ। ਐਮਬਾਪੇ ਮੈਚ 'ਚ ਵਿਰੋਧੀ ਅਮਰੀਕੀ ਟੀਮ ਦੇ ਲਈ ਲਗਾਤਾਰ ਹੀ ਖਤਰਾ ਬਣੇ ਰਹੇ ਅਤੇ ਮੈਚ ਦੇ ਆਖਰੀ ਸੈਸ਼ਨ 'ਚ ਉਨ੍ਹਾਂ ਨੇ ਫਰਾਂਸ ਦੇ ਲਈ ਬਰਾਬਰੀ ਦਾ ਗੋਲ ਕਰਕੇ ਟੀਮ ਦੀ ਹਾਰ ਟਾਲ ਦਿੱਤੀ।
ਪਹਿਲੇ ਹਾਫ 'ਚ ਜੂਨੀਅਰ ਗ੍ਰੀਨ ਨੇ ਅਮਰੀਕਾ ਦੇ ਲਈ ਗੋਲ ਕੀਤਾ ਸੀ ਜਦਕਿ ਡਿਡੀਅਰ ਡੀਸ਼ੈਂਪ ਦੀ ਫਰਾਂਸੀਸੀ ਟੀਮ ਸਰੀਰਕ ਤੌਰ 'ਤੇ ਮੈਚ 'ਚ ਓਨੀ ਹਮਲਾਵਰ ਨਹੀਂ ਦਿਸੀ ਜਿਸ ਦੀ ਉਮੀਦ ਸੀ। ਫਰਾਂਸ ਦੀ ਟੀਮ ਰੂਸ 'ਚ 14 ਜੂਨ ਤੋਂ 15 ਜੁਲਾਈ ਤੱਕ ਚੱਲਣ ਵਾਲੇ ਫੀਫਾ ਵਿਸ਼ਵ ਕੱਪ 'ਚ ਆਸਟਰੇਲੀਆ ਦੇ ਖਿਲਾਫ ਗਰੁੱਪ ਸੀ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਅਤੇ ਬਾਅਦ 'ਚ ਪੇਰੂ ਅਤੇ ਡੈਨਮਾਰਕ ਦੇ ਖਿਲਾਫ ਖੇਡੇਗੀ। ਫਰਾਂਸੀਸੀ ਟੀਮ ਨੇ ਅਮਰੀਕਾ ਦੇ ਖਿਲਾਫ ਗੇਂਦ ਨੂੰ ਕਾਫੀ ਸਮੇਂ ਤੱਕ ਆਪਣੇ ਕਬਜ਼ੇ 'ਚ ਰਖਿਆ ਪਰ ਐਮਬਾਪੇ ਨੂੰ ਛੱਡ ਕੇ ਬਾਕੀ ਖਿਡਾਰੀਆਂ 'ਚ ਤੇਜ਼ੀ ਨਹੀਂ ਦਿਸੀ। ਪਿਛਲੇ ਕਾਫੀ ਸਮੇਂ ਤੋਂ ਖਰਾਬ ਪ੍ਰਦਰਸ਼ਨ ਦੇ ਕਾਰਨ ਆਲੋਚਨਾ ਝਲ ਰਹੇ ਪੋਲ ਪੋਗਬਾ ਨੇ ਵੀ ਮੈਚ 'ਚ ਚੰਗਾ ਖੇਡ ਵਿਖਾਇਆ।