ਕੁਲਦੀਪ ਯਾਦਵ ਦੀ ਜ਼ਬਰਦਸਤ ਫਾਰਮ, ਕੋਲਕਾਤਾ ਦੀਆਂ ਇਕੋ ਓਵਰ ’ਚ ਕੱਢੀਆਂ 3 ਵਿਕਟਾਂ
Monday, Apr 11, 2022 - 05:27 PM (IST)
ਸਪੋਰਟਸ ਡੈਸਕ : ਦਿੱਲੀ ਕੈਪੀਟਲਸ ਦੇ ਸਪਿਨਰ ਕੁਲਦੀਪ ਯਾਦਵ ਆਈ.ਪੀ.ਐੱਲ. ਦੇ ਇਸ ਸੀਜ਼ਨ ’ਚ ਆਪਣੀ ਜ਼ਬਰਦਸਤ ਫਾਰਮ ਦਿਖਾ ਰਹੇ ਹਨ। ਕੋਲਕਾਤਾ ਖ਼ਿਲਾਫ਼ ਮੈਚ ’ਚ ਜਦੋਂ 5 ਓਵਰਾਂ ’ਚ 78 ਦੌੜਾਂ ਬਚਾਉਣੀਆਂ ਸਨ ਤਾਂ ਕੁਲਦੀਪ ਨੇ ਗੇਂਦ ਫੜੀ। ਕੋਲਕਾਤਾ ਲਈ ਆਂਦ੍ਰੇ ਰਸਲ ਕ੍ਰੀਜ਼ ’ਤੇ ਸਨ, ਜੋ ਕਿ ਆਖਰੀ 4 ਓਵਰਾਂ ’ਚ ਟੀਮ ਨੂੰ 80 ਦੌੜਾਂ ਬਣਾ ਕੇ ਕਈ ਵਾਰ ਜਿੱਤ ਦਿਵਾ ਚੁੱਕੇ ਸਨ ਪਰ ਇਹ ਓਵਰ ਕੁਲਦੀਪ ਯਾਦਵ ਦੇ ਨਾਂ ਰਿਹਾ। ਉਸ ਨੇ ਇਸ ਓਵਰ ’ਚ ਸਿਰਫ਼ 6 ਦੌੜਾਂ ਦਿੱਤੀਆਂ ਪਰ ਤਿੰਨ ਅਹਿਮ ਵਿਕਟਾਂ ਲੈਣ ’ਚ ਸਫ਼ਲ ਰਿਹਾ। ਕੁਲਦੀਪ ਦੇ ਇਸ ਧਮਾਕੇ ਤੋਂ ਰਸਲ ਇੰਨਾ ਸਹਿਮਿਆ ਕਿ ਉਹ 114 ਦੀ ਸਟ੍ਰਾਈਕ ਰੇਟ ਨਾਲ ਹੀ ਦੌੜਾਂ ਬਣਾ ਸਕਿਆ।
ਕੁਲਦੀਪ ਦੀਆਂ ਹੁਣ 10 ਵਿਕਟਾਂ ਹੋ ਗਈਆਂ ਹਨ। ਇਸ ਦੇ ਨਾਲ ਹੀ ਉਹ ਪਰਪਲ ਕੈਪ ਦੀ ਦੌੜ ’ਚ ਉਮੇਸ਼ ਯਾਦਵ ਦੇ ਬਰਾਬਰ ਆ ਗਿਆ ਹੈ। ਆਰ.ਸੀ.ਬੀ. ਦੇ ਸਪਿਨਰ ਵਾਨਿੰਦੂ ਹਸਰੰਗਾ 8 ਵਿਕਟਾਂ ਨਾਲ ਦੂਜੇ, ਯੁਜੀ ਚਾਹਲ 7 ਵਿਕਟਾਂ ਨਾਲ ਤੀਜੇ ਅਤੇ ਰਾਹੁਲ ਚਾਹਰ 7 ਵਿਕਟਾਂ ਨਾਲ ਚੌਥੇ ਸਥਾਨ ’ਤੇ ਚੱਲ ਰਹੇ ਹਨ। ਗੇਂਦਬਾਜ਼ੀ ਕਰਦੇ ਹੋਏ ਕੁਲਦੀਪ ਨੇ ਕੋਲਕਾਤਾ ਦੇ ਕਪਤਾਨ ਸ਼੍ਰੇਅਸ ਅਈਅਰ, ਪੈਟ ਕਮਿੰਸ, ਸੁਨੀਲ ਨਾਰਾਇਣ ਅਤੇ ਉਮੇਸ਼ ਯਾਦਵ ਦੀਆਂ ਵਿਕਟਾਂ ਲਈਆਂ। ਮੈਚ ਦੀ ਗੱਲ ਕਰੀਏ ਤਾਂ ਦਿੱਲੀ ਕੈਪੀਟਲਸ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ’ਤੇ 215 ਦੌੜਾਂ ਬਣਾਈਆਂ ਸਨ।
ਪ੍ਰਿਥਵੀ ਸ਼ਾਅ ਨੇ 51 ਅਤੇ ਡੇਵਿਡ ਵਾਰਨਰ ਨੇ 61 ਦੌੜਾਂ ਬਣਾਈਆਂ। ਸ਼ਾਰਦੁਲ ਨੇ ਵੀ ਆਖਰੀ ਓਵਰਾਂ ’ਚ 3 ਛੱਕਿਆਂ ਦੀ ਮਦਦ ਨਾਲ 29 ਦੌੜਾਂ ਬਣਾ ਕੇ ਟੀਮ ਦਾ ਸਕੋਰ 200 ਦੇ ਪਾਰ ਪਹੁੰਚਾਇਆ। ਜਵਾਬ ’ਚ ਕੋਲਕਾਤਾ ਦੀ ਟੀਮ 171 ਦੌੜਾਂ ’ਤੇ ਆਊਟ ਹੋ ਗਈ। ਕੋਲਕਾਤਾ ਦੇ ਕਪਤਾਨ ਸ਼੍ਰੇਅਸ ਅਈਅਰ ਨੇ 54, ਨਿਤੀਸ਼ ਰਾਣਾ ਨੇ 30, ਆਂਦ੍ਰੇ ਰਸਲ ਨੇ 24 ਦੌੜਾਂ ਬਣਾਈਆਂ। ਗੇਂਦਬਾਜ਼ੀ ਕਰਦੇ ਹੋਏ ਦਿੱਲੀ ਵੱਲੋਂ ਸ਼ਾਰਦੁਲ ਨੇ 2, ਖਲੀਲ ਅਹਿਮਦ ਨੇ 3 ਅਤੇ ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ। ਕੁਲਦੀਪ ਨੇ ਆਈ.ਪੀ.ਐੱਲ. ’ਚ 50 ਵਿਕਟਾਂ ਵੀ ਪੂਰੀਆਂ ਕਰ ਲਈਆਂ ਹਨ। ਉਸ ਨੇ 49 ਮੈਚਾਂ ’ਚ ਇਹ ਉਪਲੱਬਧੀ ਹਾਸਲ ਕੀਤੀ। ਉਸ ਦੀ ਔਸਤ 28.63 ਹੈ ਤਾਂ ਇਕਾਨੋਮੀ 8.18 ਹੈ।