ਕੁਲਦੀਪ ਵਿਦੇਸ਼ਾਂ ''ਚ ਭਾਰਤ ਦਾ ਨੰਬਰ ਇਕ ਸਪਿਨਰ : ਸ਼ਾਸਤਰੀ
Tuesday, Feb 05, 2019 - 07:27 PM (IST)
ਵੇਲਿੰਗਟਨ—ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਆਸਟਰੇਲੀਆ ਵਿਰੁੱਧ ਸਿਡਨੀ ਟੈਸਟ ਵਿਚ 5 ਵਿਕਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਿਦੇਸ਼ੀ ਧਰਤੀ 'ਤੇ ਤਜਰਬੇਕਾਰ ਆਰ. ਅਸ਼ਵਿਨ ਦੀ ਜਗ੍ਹਾ ਕੁਲਦੀਪ ਯਾਦਵ ਟੀਮ ਦਾ ਮੁੱਖ ਸਪਿਨਰ ਹੋਵੇਗਾ। ਸ਼ਾਸਤਰੀ ਨੇ ਇਹ ਸਾਫ ਕੀਤਾ ਕਿ ਕੁਲਦੀਪ 'ਪਹਿਲਾਂ' ਹੀ ਅਸ਼ਵਿਨ ਤੇ ਜਡੇਜਾ ਤੋਂ ਅੱਗੇ ਨਿਕਲ ਦੇ ਦੇਸ਼ ਦਾ ਨੰਬਰ ਇਕ ਸਪਿਨਰ ਹੈ। ਸ਼ਾਸਤਰੀ ਨੇ ਕਿਹਾ, ''ਉਹ ਪਹਿਲਾਂ ਹੀ ਵਿਦੇਸ਼ ਵਿਚ ਟੈਸਟ ਕ੍ਰਿਕਟ ਖੇਡ ਚੁੱਕਾ ਹੈ ਤੇ 5 ਵਿਕਟਾਂ ਲੈ ਚੁੱਕਾ ਹੈ, ਅਜਿਹੇ ਵਿਚ ਉਹ ਸਾਡਾ ਮੁੱਖ ਸਪਿਨਰ ਹੋਵੇਗਾ।''

ਉਸ ਨੇ ਕਿਹਾ, ''ਹਰ ਕਿਸੇ ਦਾ ਸਮਾਂ ਹੁੰਦਾ ਹੈ (ਅਸ਼ਵਿਨ ਦੀ ਖਰਾਬ ਫਾਰਮ ਵੱਲ ਇਸ਼ਾਰਾ ਕਰਦੇ ਹੋਏ) ਪਰ ਕੁਲਦੀਪ ਵਿਦੇਸ਼ਾਂ ਵਿਚ ਸਾਡਾ ਚੋਟੀ ਦਾ ਸਪਿਨਰ ਹੋਵੇਗਾ।'' ਕੁਲਦੀਪ ਨੇ ਮੀਂਹ ਪ੍ਰਭਾਵਿਤ ਇਸ ਮੈਚ ਵਿਚ 5 ਵਿਕਟਾਂ ਲਈਆਂ ਤੇ ਜ਼ਿਆਦਾਤਰ ਆਸਟਰੇਲੀਆ ਦੇ ਬੱਲੇਬਾਜ਼ ਉਸਦੀਆਂ ਗੇਂਦਾਂ ਨੂੰ ਸਮਝਣ ਵਿਚ ਅਸਫਲ ਰਹੇ। ਸ਼ਾਸਤਰੀ ਨੇ ਕਿਹਾ, ''ਕੁਲਦੀਪ ਨੇ ਜਿਸ ਤਰ੍ਹਾਂ ਸਿਡਨੀ ਵਿਚ ਗੇਂਦਬਾਜ਼ੀ ਕੀਤੀ, ਉਸ ਤੋਂ ਮੈਂ ਕਾਫੀ ਪ੍ਰਭਾਵਿਤ ਹਾਂ। ਟੈਸਟ ਕ੍ਰਿਕਟ ਵਿਚ ਵੀ ਇਹ ਸਮਾਂ ਸਪਿਨਰਾਂ ਦਾ ਹੈ। ਉਸਦੀ ਸਿਡਨੀ ਦੀ ਗੇਂਦਬਾਜ਼ੀ ਤੋਂ ਇਹ ਸਾਫ ਹੈ ਕਿ ਉਹ ਸਾਡਾ ਮੁੱਖ ਸਪਿਨਰ ਹੋਵੇਗਾ।''
