ਕ੍ਰਿਸ਼ਨਾ ਦਾ ਪੈਰਿਸ ਪੈਰਾਲੰਪਿਕ ’ਚ ਹੌਸਲੇ ਤੇ ਹਾਂਪੱਖੀ ਖੇਡ ਨਾਲ ਸੋਨ ਤਮਗੇ ਦਾ ਬਚਾਅ ਕਰਨ ’ਤੇ ਧਿਆਨ
Friday, Aug 23, 2024 - 10:52 AM (IST)
ਨਵੀਂ ਦਿੱਲੀ– ਕ੍ਰਿਸ਼ਨਾ ਨਾਗਰ ਨੂੰ ਜ਼ਿੰਦਗੀ ਨੇ ਲਗਾਤਾਰ ਚੁਣੌਤੀਆਂ ਪੇਸ਼ ਕੀਤੀਆਂ ਹਨ ਪਰ ਇਸ ਭਾਰਤੀ ਪੈਰਾ ਬੈਡਮਿੰਟਨ ਖਿਡਾਰੀ ਨੂੰ ਸਹੀ ਢੰਗ ਨਾਲ ਇਨ੍ਹਾਂ ਨਾਲ ਨਜਿੱਠਣਾ ਆਉਂਦਾ ਹੈ, ਜੋ ਮਾੜੇ ਹਾਲਾਤ ਨੂੰ ਚਿਹਰੇ ’ਤੇ ਮੁਸਕਾਨ ਦੇ ਨਾਲ ਆਪਣੇ ਅਨੁਸਾਰ ਢਾਲ ਲੈਂਦਾ ਹੈ। ਕ੍ਰਿਸ਼ਨਾ ਨੂੰ ਬਚਪਨ ’ਚ ਉਸ ਦੇ ਛੋਟੇ ਕੱਦ ਦੇ ਕਾਰਨ ਚਿੜ੍ਹਾਇਆ ਜਾਂਦਾ ਸੀ ਪਰ ਉਸ ਨੇ ਆਪਣੀਆਂ ਪ੍ਰਾਪਤੀਆਂ ਨਾਲ ਇਸ ਦਾ ਜਵਾਬ ਦਿੱਤਾ। ਕ੍ਰਿਸ਼ਨਾ ਨੇ ਆਪਣੇ ਛੋਟੇ ਕੱਦ ਨੂੰ ਆਪਣੀ ਤਰੱਕੀ ਦੀ ਰਾਹ ’ਚ ਰੁਕਾਵਟ ਨਹੀਂ ਬਣਨ ਦਿੱਤਾ।
ਉਸ ਨੂੰ ਪਤਾ ਸੀ ਉਸ ਨਾਲ ਸੜਣ ਵਾਲਿਆਂ ਨਾਲ ਨਜਿੱਠਣ ਲਈ ਇਹੀ ਸਭ ਤੋਂ ਵਧੀਆ ਢੰਗ ਹੈ। ਆਪਣੇ ਸ਼ੁਰੂਆਤੀ ਸਾਲਾਂ ’ਚ ਵਿੱਤੀ ਸੰਘਰਸ਼ਾਂ ਦੇ ਬਾਵਜੂਦ ਉਨ੍ਹਾਂ ਨੇ ਕ੍ਰਿਕਟ, ਫੁੱਟਬਾਲ, ਵਾਲੀਬਾਲ, ਲੰਬੀ ਛਾਲ ਅਤੇ ਸਪ੍ਰਿੰਟ ਸਮੇਤ ਕਈ ਖੇਡਾਂ ’ਚ ਰੁਚੀ ਦਿਖਾਈ। ਬੈਡਮਿੰਟਨ ’ਚ ਉਸ ਦਾ ਸਫਰ 2017 ਦੇ ਅੰਤ ’ਚ ਜੈਪੁਰ ਤੋਂ ਸ਼ੁਰੂ ਹੋਇਆ। ਉਨ੍ਹਾਂ ਨੇ ਟੋਕੀਓ ਓਲੰਪਿਕ ’ਚ ਪ੍ਰਮੋਦ ਭਗਤ ਤੋਂ ਬਾਅਦ ਸੋਨ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਬਣ ਕੇ ਇਤਿਹਾਸ ਰਚ ਦਿੱਤਾ।
25 ਸਾਲਾਂ ਦਾ ਇਹ ਖਿਡਾਰੀ ਪੈਰਿਸ ਪੈਰਾਲੰਪਿਕ ’ਚ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਧੀਰਜ ਅਤੇ ਬਿਨਾ ਜ਼ੋਖਿਮ ਲਏ ਖੇਡਣ ’ਤੇ ਧਿਆਨ ਦੇ ਰਿਹਾ ਹੈ। ਕ੍ਰਿਸ਼ਨਾ ਨੇ ਦੱਸਿਆ,‘ਇਹ ਮੇਰਾ ਦੂਜਾ ਪੈਰਾਲੰਪਿਕ ਹੈ ਅਤੇ ਕੁਝ ਘਬਰਾਹਟ ਹੈ ਕਿਉਂਕਿ ਇਹ ਇਕ ਵੱਡਾ ਟੂਰਨਾਮੈਂਟ ਹੈ। ਇਸ ਤਰ੍ਹਾਂ ਦੇ ਵੱਕਾਰੀ ਆਯੋਜਨ ’ਚ ਹਿੱਸਾ ਲੈਣਾ ਇਕ ਸੁਪਨਾ ਹੈ। ਮੇਰਾ ਮੁੱਖ ਮਕਸਦ ਸੋਨ ਤਮਗਾ ਜਿੱਤਣ ਦੇ ਨਾਲ ਉਮੀਦਾਂ ’ਤੇ ਪੂਰਾ ਉਤਰਨਾ ਹੈ।’