ਕੋਨੇਰੂ ਹੰਪੀ ਨੇ ਜਿੱਤ ਨਾਲ ਦੇਸ਼ ਨੂੰ ਦਿੱਤਾ ਦੀਵਾਲੀ ਦਾ ਤੋਹਫਾ
Wednesday, Oct 26, 2022 - 11:11 PM (IST)
ਮੋਂਟੇ ਕਾਰਲੋ, (ਨਿਕਲੇਸ਼ ਜੈਨ)– ਦੀਵਾਲੀ ਦੇ ਅਗਲੇ ਦਿਨ ਸ਼ੁਰੂ ਹੋਈ ਫਿਡੇ ਮਹਿਲਾ ਕੈਂਡੀਡੇਟ ਟੂਰਨਾਮੈਂਟ ਦੇ ਪੂਲ-ਏ ਵਿਚ ਭਾਰਤ ਦੀ ਚੋਟੀ ਦੀ ਖਿਡਾਰਨ ਗ੍ਰੈਂਡ ਮਾਸਟਰ ਕੋਨੇਰੂ ਹੰਪੀ ਨੇ ਯੂਕ੍ਰੇਨ ਦੀ ਐਨਾ ਮਜਿਓਚੁਕ ਨੂੰ ਹਰਾਉਂਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ। ਕੁਆਰਟਰ ਫਾਈਨਲ ਵਿਚ ਚਾਰ ਕਲਾਸੀਕਲ ਮੁਕਾਬਲਿਆਂ ਦੇ ਆਧਾਰ ’ਤੇ ਜੇਤੂ ਖਿਡਾਰਨਾਂ ਨੂੰ ਅੱਗੇ ਵਧਣਾ ਹੈ। ਪਹਿਲੇ ਰਾਊਂਡ ਵਿਚ ਕੋਨੇਰੂ ਹੰਪੀ ਨੇ ਸਫੈਦ ਮੋਹਰਿਆਂ ਨਾਲ ਯੂਕ੍ਰੇਨ ਦੀ ਐਨਾ ਮਜਿਓਚੁਕ ਵਿਰੁੱਧ ਕਿਊ. ਜੀ. ਏ. ਓਪਨਿੰਗ ਵਿਚ ਸਿਰਫ 24 ਚਾਲਾਂ ਵਿਚ ਜਿੱਤ ਦਰਜ ਕਰਦੇ ਹੋਏ 1-0 ਦੀ ਬੜ੍ਹਤ ਕਾਇਮ ਕਰ ਲਈ ਹੈ ਤੇ ਹੁਣ ਬਚੇ ਹੋਏ ਤਿੰਨ ਮੁਕਾਬਲਿਆਂ ਵਿਚ ਜੇਕਰ ਹੰਪੀ 1.5 ਅੰਕ ਬਣਾ ਲੈਂਦੀ ਹੈ ਤਾਂ ਉਹ ਸੈਮੀਫਾਈਨਲ ਵਿਚ ਪਹੁੰਚ ਜਾਵੇਗੀ।
ਦੂਜੇ ਕੁਆਰਟਰ ਫਾਈਨਲ ਵਿਚ ਚੀਨ ਦੀ ਗ੍ਰੈਂਡ ਮਾਸਟਰ ਲੇਈ ਟਿੰਗਜੇ ਨੇ ਯੂਕ੍ਰੇਨ ਦੀ ਗ੍ਰੈਂਡ ਮਾਸਟਰ ਮਾਰੀਆ ਮਜਿਓਚੁਕ ਵਿਰੁੱਧ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਲੇਈ ਨੇ ਸਫੈਦ ਮੋਹਰਿਆਂ ਨਾਲ ਸਲਾਵ ਓਪਨਿੰਗ ਵਿਚ 53 ਚਾਲਾਂ ਤਕ ਚੱਲੇ ਐਂਡਗੇਮ ਵਿਚ ਮਾਰੀਆ ਨੂੰ ਹਰਾਇਆ ਤੇ ਹੁਣ ਜਦੋਂ ਹੰਪੀ ਤੇ ਲੇਈ ਨੇ ਸੈਮੀਫਾਈਨਲ ਵੱਲ ਕਦਮ ਵਧਾ ਦਿੱਤੇ ਹਨ ਤਾਂ ਦੇਖਣਾ ਹੈ ਕਿ ਮਜਿਓਚੁਕ ਭੈਣਾਂ ਕਿਵੇਂ ਵਾਪਸੀ ਕਰਦੀਆਂ ਹਨ।